ਗਾਂਧੀ ਜਯੰਤੀ ਮੌਕੇ MP ਰਾਘਵ ਚੱਢਾ ਨੇ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਦੀ ਕੀਤੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - 'ਆਪ' ਦਾ ਸੱਤਿਆਗ੍ਰਹਿ ਗੁਜਰਾਤ ਦੇ ਲੋਕਾਂ ਨੂੰ ਭਾਜਪਾ ਦੇ 27 ਸਾਲਾਂ ਦੇ ਹੰਕਾਰੀ ਸ਼ਾਸਨ ਤੋਂ ਕਰਵਾਏਗਾ ਮੁਕਤ

On the occasion of Gandhi Jayanti, MP Raghav Chadha launched the 'Gujarat Pariyan Satyagraha'

ਡਾਂਡੀ ਮਾਰਚ ਪਹੁੰਚ ਕੇ ਮਹਾਤਮਾ ਗਾਂਧੀ ਦਾ ਲਿਆ ਆਸ਼ੀਰਵਾਦ
ਨਵਸਰੀ (ਗੁਜਰਾਤ)/ ਚੰਡੀਗੜ੍ਹ :  
ਆਮ ਆਦਮੀ ਪਾਰਟੀ (ਆਪ) ਦੇ ਗੁਜਰਾਤ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਗਾਂਧੀ ਜੀ ਦੇ ਨਮਕ ਸੱਤਿਆਗ੍ਰਹਿ ਅਤੇ ਡਾਂਡੀ ਮਾਰਚ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਡਾਂਡੀ ਤੋਂ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਦੀ ਸ਼ੁਰੂਆਤ ਕਰਕੇ ਗਾਂਧੀ ਜਯੰਤੀ ਮਨਾਈ ਗਈ।

ਐਤਵਾਰ ਨੂੰ ਆਪਣਾ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਪਹਿਲਾਂ, ਰਾਘਵ ਚੱਢਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਡਾਂਡੀ ਪਹੁੰਚੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਪੂ ਦੇ ਲੂਣ ਸੱਤਿਆਗ੍ਰਹਿ ਨੇ ਭਾਰਤ ਦੇ ਲੋਕਾਂ ਨੂੰ ਅੰਗਰੇਜ਼ ਹਕੂਮਤ ਦੇ ਜ਼ੁਲਮ ਤੋਂ ਆਜ਼ਾਦ ਕਰਵਾਇਆ ਸੀ, ਉਸੇ ਤਰ੍ਹਾਂ ‘ਗੁਜਰਾਤ ਪਰਿਵਰਤਨ ਸੱਤਿਆਗ੍ਰਹਿ’ ਗੁਜਰਾਤ ਦੇ ਲੋਕਾਂ ਨੂੰ 27 ਸਾਲਾਂ ਤੋਂ ਚੱਲੇ ਆ ਰਹੇ ਭਾਜਪਾ ਦੇ ਹੰਕਾਰੀ ਰਾਜ ਤੋਂ ਮੁਕਤ ਕਰਵਾਏਗਾ।

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਗਾਂਧੀ ਜਯੰਤੀ ਮੌਕੇ ਉਸ ਅਸਥਾਨ 'ਤੇ ਬਾਪੂ ਜੀ ਦਾ ਆਸ਼ੀਰਵਾਦ ਲਿਆ ਅਤੇ ਸ਼ਰਧਾਂਜਲੀ ਦਿੱਤੀ, ਜਿੱਥੋਂ ਬਾਪੂ ਨੇ ਆਪਣਾ ਨਮਕ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਚੱਢਾ ਨੇ ਗੁਜਰਾਤ ਦੇ ਲੋਕਾਂ ਨੂੰ ਭਾਜਪਾ ਦੇ ਹੰਕਾਰੀ ਸ਼ਾਸ਼ਨ ਤੋਂ ਆਜ਼ਾਦ ਕਰਵਾਉਣ ਲਈ ਡਾਂਡੀ ਦੀ ਮੁਬਾਰਕ ਮਿੱਟੀ ਹੱਥਾਂ 'ਚ ਲੈ ਕੇ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਸ਼ੁਰੂ ਕੀਤਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇਸ ਕ੍ਰਾਂਤੀਕਾਰੀ ਧਰਤੀ ਤੋਂ ਹੱਥ ਵਿੱਚ ਚੁਟਕੀ ਲੂਣ ਲੈ ਕੇ ਲੂਣ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨ ਲਈ ਮਜ਼ਬੂਰ ਕੀਤਾ ਸੀ। ਜਿਸ ਕਾਰਨ ਅੰਗਰੇਜ਼ ਸਰਕਾਰ ਨੂੰ ਆਮ ਲੋਕਾਂ ਦੇ ਹੱਕ ਵਿੱਚ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਦੇ ਲੂਣ ਸੱਤਿਆਗ੍ਰਹਿ ਨੇ ਭਾਰਤ ਵਿੱਚ ਬਰਤਾਨਵੀ ਸ਼ਾਸਨ ਦੇ ਖਾਤਮੇ ਦੀ ਨੀਂਹ ਰੱਖੀ ਸੀ, ਉਸੇ ਤਰ੍ਹਾਂ ‘ਗੁਜਰਾਤ ਪਰਿਵਰਤਨ ਯਾਤਰਾ’ ਗੁਜਰਾਤ ਵਿੱਚੋਂ ਭਾਜਪਾ ਦੇ ਭ੍ਰਿਸ਼ਟ ਅਤੇ ਹੰਕਾਰੀ ਰਾਜ ਦਾ ਖਾਤਮਾ ਕਰੇਗੀ।