ਸਵੱਛ ਸ਼ਹਿਰਾਂ ਦੀ ਰੈਂਕਿੰਗ: ਲਗਾਤਾਰ ਛੇਵੀਂ ਵਾਰ ਇੰਦੌਰ ਦੇ ਸਿਰ ਸਜਿਆ ਸਵੱਛਤਾ ਦਾ ਤਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਨੌਵੇਂ ਨੰਬਰ 'ਤੇ, ਜਾਣੋ ਹੋਰ ਸ਼ਹਿਰਾਂ ਦੀ ਰੈਂਕਿੰਗ

Ranking of clean cities:

 

ਨਵੀਂ ਦਿੱਲੀ : ਕੇਂਦਰ ਦੇ ਸਾਲਾਨਾ ਸਰਵੇਖਣ ਵਿਚ ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਸੱਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆ ਹੈ, ਜਦਕਿ ਸੂਰਤ ਅਤੇ ਨਵੀਂ ਮੁੰਬਈ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸਰਵੇਖਣ ਦੇ ਨਤੀਜੇ ਸਨਿਚਰਵਾਰ ਨੂੰ ਐਲਾਨੇ ਗਏ। ‘ਸਵੱਛ ਸਰਵੇਖਣ ਪੁਰਸਕਾਰ 2022’ ਵਿਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੀ ਸ਼੍ਰੇਣੀ ਵਿਚ ਮੱਧ ਪ੍ਰਦੇਸ਼ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਤੋਂ ਬਾਅਦ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

ਇੰਦੌਰ ਅਤੇ ਸੂਰਤ ਨੇ ਇਸ ਸਾਲ ਵੱਡੇ ਸ਼ਹਿਰਾਂ ਦੀ ਸ੍ਰੇਣੀ ਵਿਚ ਅਪਣਾ ਸਿਖਰਲਾ ਸਥਾਨ ਬਰਕਰਾਰ ਰਖਿਆ, ਜਦਕਿ ਵਿਜੇਵਾੜਾ ਨੇ ਅਪਣਾ ਤੀਜਾ ਸਥਾਨ ਗੁਆ ਦਿਤਾ ਅਤੇ ਇਹ ਸਥਾਨ ਨਵੀਂ ਮੁੰਬਈ ਨੂੰ ਮਿਲਿਆ। ਸਰਵੇਖਣ ਦੇ ਨਤੀਜਿਆਂ ਅਨੁਸਾਰ, 100 ਤੋਂ ਘੱਟ ਸ਼ਹਿਰੀ ਸਥਾਨਕ ਸੰਸਥਾਵਾਂ ਵਾਲੇ ਰਾਜਾਂ ਵਿਚ ਤਿ੍ਰਪੁਰਾ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਇਥੇ ਇਕ ਸਮਾਗਮ ਵਿਚ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ 'ਤੇ ਹੋਰ ਵੀ ਹਾਜ਼ਰ ਸਨ।

ਇਕ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਮਹਾਰਾਸ਼ਟਰ ਦਾ ਪੰਚਗਨੀ ਪਹਿਲੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਛੱਤੀਸਗੜ੍ਹ ਦਾ ਪਾਟਨ (ਐਨ.ਪੀ.) ਅਤੇ ਮਹਾਰਾਸ਼ਟਰ ਦਾ ਕਰਹੜ ਰਿਹਾ। ਇਕ ਲੱਖ ਤੋਂ ਵਧ ਆਬਾਦੀ ਵਾਲੀ ਸ਼੍ਰੇਣੀ ਵਿਚ ਹਰਿਦੁਆਰ ਗੰਗਾ ਦੇ ਕਿਨਾਰੇ ਵਸਿਆ ਸੱਭ ਤੋਂ ਸਾਫ਼ ਸ਼ਹਿਰ ਰਿਹਾ। ਇਸ ਤੋਂ ਬਾਅਦ ਵਾਰਾਣਸੀ ਅਤੇ ਰਿਸ਼ੀਕੇਸ਼ ਰਹੇ। ਸਰਵੇਖਣ ਦੇ ਨਤੀਜਿਆਂ ਅਨੁਸਾਰ, ਇਕ ਲੱਖ ਤੋਂ ਘੱਟ ਆਬਾਦੀ ਵਾਲੇ ਗੰਗਾ ਕਿਨਾਰੇ ਵਸੇ ਸ਼ਹਿਰਾਂ ਵਿਚੋਂ ਬਿਜਨੌਰ ਪਹਿਲੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਕ੍ਰਮਵਾਰ ਕੰਨੌਜ ਅਤੇ ਗੜ੍ਹਮੁਕਤੇਸ਼ਵਰ ਦਾ ਸਥਾਨ ਰਿਹਾ। ਸਰਵੇਖਣ ਵਿਚ ਮਹਾਰਾਸ਼ਟਰ ਦੇ ਦੇਵਲਾਲੀ ਨੂੰ ਦੇਸ਼ ਦਾ ਸੱਭ ਤੋਂ ਸਾਫ਼ ਛਾਉਣੀ ਬੋਰਡ ਚੁਣਿਆ ਗਿਆ।

ਸਵੱਛ ਸਰਵੇਖਣ ਦਾ ਸੱਤਵਾਂ ਐਡੀਸਨ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀ ਪ੍ਰਗਤੀ ਦਾ ਅਧਿਐਨ ਕਰਨ ਅਤੇ ਵੱਖ-ਵੱਖ ਸਵੱਛਤਾ ਮਾਪਦੰਡਾਂ ਦੇ ਆਧਾਰ ’ਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀ) ਨੂੰ ਦਰਜਾਬੰਦੀ ਕਰਨ ਲਈ ਆਯੋਜਤ ਕੀਤਾ ਗਿਆ ਸੀ।