ਇੰਡੋਨੇਸ਼ੀਆ ਦੇ ਸਟੇਡੀਅਮ 'ਚ ਫੁੱਟਬਾਲ ਮੈਚ ਦੌਰਾਨ ਭੜਕੀ ਹਿੰਸਾ, 127 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ

PHOTO

 

 ਨਵੀਂ ਦਿੱਲੀ: ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਭੜਕੀ ਹਿੰਸਾ 'ਚ 127 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇੰਡੋਨੇਸ਼ੀਆ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਘਟਨਾ ਪੂਰਬੀ ਜਾਵਾ ਦੀ ਹੈ। ਇਥੇ ਇਕ ਫੁੱਟਬਾਲ ਮੈਦਾਨ 'ਚ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ।

ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਮੈਦਾਨ ਵਿੱਚ ਪੁੱਜੇ ਹੋਏ ਸਨ। ਜਦੋਂ ਫੁੱਟਬਾਲ ਮੈਚ ਦਾ ਨਤੀਜਾ ਆਇਆ ਤਾਂ ਮੈਦਾਨ 'ਚ ਮੈਚ ਦੇਖਣ ਆਏ ਪ੍ਰਸ਼ੰਸਕ ਗੁੱਸੇ 'ਚ ਆ ਗਏ। ਗੁੱਸੇ 'ਚ ਆਏ ਪ੍ਰਸ਼ੰਸਕ ਫੁੱਟਬਾਲ ਮੈਦਾਨ 'ਚ ਦਾਖਲ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਪ੍ਰਸ਼ੰਸਕਾਂ ਨੇ ਫੁੱਟਬਾਲ ਦੇ ਮੈਦਾਨ 'ਚ ਦਾਖਲ ਹੋ ਕੇ ਲੜਾਈ ਸ਼ੁਰੂ ਕਰ ਦਿੱਤੀ।

ਹਰ ਪਾਸੇ ਹਫੜਾ-ਦਫੜੀ ਮਚ ਗਈ। ਪੂਰਬੀ ਜਾਵਾ ਪੁਲਿਸ ਦੇ ਮੁਖੀ ਨਿਕੋ ਇਫ਼ਿੰਟਾ ਦੇ ਅਨੁਸਾਰ, ਇਸ ਹਿੰਸਕ ਘਟਨਾ ਵਿੱਚ ਜ਼ਮੀਨ 'ਤੇ 34 ਲੋਕਾਂ ਦੀ ਮੌਤ ਹੋ ਗਈ ਸੀ। ਪੂਰਬੀ ਜਾਵਾ ਦੇ ਪੁਲਿਸ ਮੁਖੀ ਨਿਕੋ ਇਫ਼ਿੰਟਾ ਅਨੁਸਾਰ ਬਾਕੀ 93 ਲੋਕਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਫੁੱਟਬਾਲ ਸਟੇਡੀਅਮ 'ਚ ਹੋਈ ਹਿੰਸਾ ਦੀ ਸੂਚਨਾ ਕਿਸੇ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਆਰਮਡ ਫੋਰਸ ਦੇ ਜਵਾਨਾਂ ਨੇ ਕਿਸੇ ਤਰ੍ਹਾਂ ਖਿਡਾਰੀਆਂ ਨੂੰ ਸੁਰੱਖਿਅਤ ਮੈਦਾਨ 'ਚੋਂ ਬਾਹਰ ਕੱਢਿਆ।