ਰਿਹਾਅ ਕੀਤੇ ਜਾਣ ਮਗਰੋਂ ਸੋਨਮ ਵਾਂਗਚੁਕ ਨੂੰ ਫਿਰ ਹਿਰਾਸਤ ’ਚ ਲਿਆ ਗਿਆ, ਸ਼ਾਮ ਸਮੇਂ ਲੈ ਕੇ ਗਈ ਰਾਜਘਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ 

New Delhi: Security personnel keep vigil as climate activist Soman Wangchuk and other Ladakhis, under police detention for the past two days for violating prohibitory orders during their 'Delhi Chalo Padyatra', were taken to Rajghat on Gandhi Jayanti, in New Delhi, Wednesday, Oct 2, 2024. (PTI Photo/Kamal Singh)

ਨਵੀਂ ਦਿੱਲੀ : ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਅਤੇ ਲੱਦਾਖ ਦੇ 150 ਹੋਰ ਪ੍ਰਦਰਸ਼ਨਕਾਰੀਆਂ ਨੇ ਬੁਧਵਾਰ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ ਰੱਖੀ ਅਤੇ ਕਿਹਾ ਕਿ ਗਾਂਧੀ ਜਯੰਤੀ ’ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ‘ਕੁਚਲਿਆ ਗਿਆ’ ਹੈ। 

ਸ਼ਾਮ ਸਮੇਂ ਦਿੱਲੀ ਪੁਲਿਸ ਹਿਰਾਸਤ ’ਚ ਲਏ ਗਏ ਜਲਵਾਯੂ ਕਾਰਕੁਨ ਸੋਮਨ ਵਾਂਗਚੁਕ ਅਤੇ ਲੱਦਾਖ ਦੇ 170 ਹੋਰ ਲੋਕਾਂ ਨੂੰ ਰਾਜਘਾਟ ’ਚ ਲੈ ਕੇ ਗਈ। ਇਕ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਵਾਂਗਚੁਕ ਅਤੇ ਹੋਰਾਂ ਨੂੰ ਪੁਲਿਸ ਨੇ ਦੋ ਦਿਨ ਪਹਿਲਾਂ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਹਿਰਾਸਤ ’ਚ ਲਿਆ ਸੀ। 

ਵਾਂਗਚੁਕ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਹਿਰਾਸਤ ’ਚ ਲਿਆ ਗਿਆ ਸੀ। ‘ਲੇਹ ਅਪੇਕਸ ਬਾਡੀ’ ਦੇ ਕੋਆਰਡੀਨੇਟਰ ਜਿਗਮਤ ਪਾਲਜੋਰ ਨੇ ਬੁਧਵਾਰ ਸਵੇਰੇ ਜਾਰੀ ਇਕ ਬਿਆਨ ਵਿਚ ਕਿਹਾ ਕਿ 24 ਘੰਟਿਆਂ ਤੋਂ ਵੱਧ ਸਮੇਂ ਤੋਂ ਨਜ਼ਰਬੰਦ ਉਨ੍ਹਾਂ ਦੀ ਨਜ਼ਰਬੰਦੀ ਗੈਰ-ਕਾਨੂੰਨੀ ਹੈ। 

ਪਲਜੋਰ ਨੇ ਕਿਹਾ, ‘‘ਅਸੀਂ ਪੈਦਲ ਮੁਸਾਫ਼ਰ ਅਪਣੇ ਆਪ ਨੂੰ ਇਕ ਖਤਰਨਾਕ ਸਥਿਤੀ ’ਚ ਪਾ ਰਹੇ ਹਾਂ। ਸਾਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ’ਚ ਰੱਖਿਆ ਗਿਆ ਹੈ। ਇਹ ਨਜ਼ਰਬੰਦੀ ਗੈਰ-ਕਾਨੂੰਨੀ ਹੈ, 24 ਘੰਟੇ ਬੀਤ ਚੁਕੇ ਹਨ ਅਤੇ ਸਾਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ, ‘‘ਕੁੱਝ ਸਮੂਹਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾਅ ਕਰ ਦਿਤਾ ਗਿਆ ਅਤੇ ਫਿਰ ਵਾਪਸ ਥਾਣੇ ਬੁਲਾਇਆ ਗਿਆ। ਬੀਤੀ ਰਾਤ ਪੁਲਿਸ ਨੇ ਸਾਨੂੰ ਜ਼ਬਰਦਸਤੀ ਕਿਸੇ ਅਣਪਛਾਤੇ ਸਥਾਨ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਿਰੋਧ ’ਚ ਡਟੇ ਰਹੇ।’’ ਪਲਜੋਰ ਨੇ ਬਿਆਨ ’ਚ ਕਿਹਾ, ‘‘ਬਵਾਨਾ ਥਾਣੇ ’ਚ ਸਾਡੇ ਫੋਨ ਜ਼ਬਤ ਕਰ ਲਏ ਗਏ ਹਨ, ਜਿਸ ਨਾਲ ਅਸੀਂ ਬਾਹਰੀ ਦੁਨੀਆਂ ਤੋਂ ਵੱਖ ਹੋ ਗਏ ਹਾਂ।’’ 

ਹਾਲਾਂਕਿ, ਦਿੱਲੀ ਪੁਲਿਸ ਨੇ ਕਿਹਾ ਕਿ ਪੈਦਲ ਮੁਸਾਫ਼ਰਾਂ ਨੂੰ ਬੀਤੀ ਰਾਤ ਰਿਹਾਅ ਕਰ ਦਿਤਾ ਗਿਆ ਅਤੇ ਦੁਬਾਰਾ ਹਿਰਾਸਤ ’ਚ ਲੈ ਲਿਆ ਗਿਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਵਾਂਗਚੁਕ ਅਤੇ ਹਿਰਾਸਤ ’ਚ ਲਏ ਗਏ ਹੋਰ ਲੱਦਾਖੀ ਨਾਗਰਿਕਾਂ ਨੂੰ ਮੰਗਲਵਾਰ ਰਾਤ ਨੂੰ ਰਿਹਾਅ ਕਰ ਦਿਤਾ ਗਿਆ ਪਰ ਦਿੱਲੀ ਦੇ ਮੱਧ ਹਿੱਸੇ ਵਲ ਮਾਰਚ ਕਰਨ ’ਤੇ ਜ਼ੋਰ ਦੇਣ ’ਤੇ ਜ਼ੋਰ ਦੇਣ ’ਤੇ ਉਨ੍ਹਾਂ ਨੂੰ ਦੁਬਾਰਾ ਹਿਰਾਸਤ ’ਚ ਲੈ ਲਿਆ ਗਿਆ। 

1 ਸਤੰਬਰ ਨੂੰ ਲੇਹ ਤੋਂ ਰਵਾਨਾ ਹੋਏ ਪੈਦਲ ਮੁਸਾਫ਼ਰਾਂ ਨੇ ਹਰਿਆਣਾ ਨੂੰ ਛੱਡ ਕੇ ਪੂਰਾ ਰਸਤਾ ਪੈਦਲ ਪੂਰਾ ਕੀਤਾ। ਹਰਿਆਣਾ ’ਚ ਉਹ ਬੱਸਾਂ ’ਚ ਸਵਾਰ ਹੋਏ। ਉਨ੍ਹਾਂ ਨੂੰ ਸੋਮਵਾਰ ਰਾਤ ਨੂੰ ਦਿੱਲੀ ਦੇ ਸਿੰਘੂ ਬਾਰਡਰ ’ਤੇ ਹਿਰਾਸਤ ’ਚ ਲਿਆ ਗਿਆ ਅਤੇ ਵੱਖ-ਵੱਖ ਥਾਣਿਆਂ ’ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ।

ਇਹ ਮਾਰਚ ਲੇਹ ਅਪੇਕਸ ਬਾਡੀ (ਐਲ.ਏ.ਬੀ.) ਨੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਸੀ, ਜੋ ਲੱਦਾਖ ਨੂੰ ਰਾਜ ਦਾ ਦਰਜਾ ਦੇਣ, ਲੱਦਾਖ ਲਈ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ, ਭਰਤੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਅਤੇ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ’ਚ ਵੱਖ-ਵੱਖ ਲੋਕ ਸਭਾ ਸੀਟਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਵਾਂਗਚੁਕ ਨੂੰ ਕੁੱਝ ਹੋਰ ਲੋਕਾਂ ਨਾਲ ਬਵਾਨਾ ਥਾਣੇ ’ਚ ਰੱਖਿਆ ਗਿਆ ਹੈ ਜਦਕਿ ਬਾਕੀਆਂ ਨੂੰ ਨਰੇਲਾ ਉਦਯੋਗਿਕ ਖੇਤਰ, ਅਲੀਪੁਰ ਅਤੇ ਕਾਂਝਵਾਲਾ ਦੇ ਥਾਣਿਆਂ ’ਚ ਰੱਖਿਆ ਗਿਆ ਹੈ।