PK Jan Suraaj : ਬਿਹਾਰ ਦੀ ਸਿਆਸਤ 'ਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ , ਪੀਕੇ ਨੇ ਬਣਾਈ ਜਨ ਸੁਰਾਜ ਪਾਰਟੀ
ਬੋਲੇ- ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚਣੀ ਚਾਹੀਦੀ ਹੈ
PK Jan Suraaj : ਸਿਆਸੀ ਵਿਸ਼ਲੇਸ਼ਕ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਸਿਆਸਤ 'ਚ ਐਂਟਰੀ ਕਰ ਲਈ ਹੈ। ਪਿਛਲੇ ਦੋ ਸਾਲਾਂ ਤੋਂ ਸੂਬੇ ਵਿੱਚ ਪੈਦਲ ਯਾਤਰਾ ਕੱਢ ਰਹੇ ਪ੍ਰਸ਼ਾਂਤ ਕਿਸ਼ੋਰ ਉਰਫ਼ ਪੀਕੇ ਨੇ ਆਪਣੀ ਮੁਹਿੰਮ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਲਿਆ ਹੈ, ਜਿਸ ਦਾ ਨਾਂ ਜਨ ਸੁਰਾਜ ਪਾਰਟੀ ਰੱਖਿਆ ਗਿਆ ਹੈ। ਮਧੂਬਨੀ ਜ਼ਿਲ੍ਹੇ ਦੇ ਰਹਿਣ ਵਾਲੇ ਚਾਰ ਦੇਸ਼ਾਂ ਦੇ ਰਾਜਦੂਤ ਰਹੇ ਮਨੋਜ ਭਾਰਤੀ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।
ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ''ਤੁਹਾਨੂੰ ਸਾਰਿਆਂ ਨੂੰ 'ਜੈ ਬਿਹਾਰ' ਇੰਨੀ ਉੱਚੀ ਬੋਲਣਾ ਹੋਵੇਗਾ ਕਿ ਕੋਈ ਵੀ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ 'ਬਿਹਾਰੀ' ਨਾ ਕਹੇ ਅਤੇ ਇਹ ਇੱਕ ਗਾਲ੍ਹ ਵਾਂਗ ਨਾ ਲੱਗੇ। ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚ ਜਾਵੇ। ਇਹ ਬੰਗਾਲ ਤੱਕ ਪਹੁੰਚਣੀ ਚਾਹੀਦੀ ਹੈ ,ਜਿੱਥੇ ਬਿਹਾਰ ਦੇ ਵਿਦਿਆਰਥੀ ਹਨ। ਇਹ ਤਾਮਿਲਨਾਡੂ, ਦਿੱਲੀ ਅਤੇ ਬੰਬਈ ਤੱਕ ਪਹੁੰਚਣੀ ਚਾਹੀਦੀ ਹੈ, ਜਿੱਥੇ ਬਿਹਾਰੀ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੁੱਟਿਆ ਗਿਆ।
ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਦੇ ਲਾਂਚ ਮੌਕੇ ਕਿਹਾ, ਕਿ 2-3 ਸਾਲਾਂ ਤੋਂ “ਜਨ ਸੁਰਾਜ ਮੁਹਿੰਮ ਚੱਲ ਰਹੀ ਹੈ। ਲੋਕ ਪੁੱਛ ਰਹੇ ਹਨ ਕਿ ਅਸੀਂ ਪਾਰਟੀ ਕਦੋਂ ਬਣਾਂਗੇ। ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਅੱਜ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ 'ਤੇ ਜਨ ਸੁਰਾਜ ਨੂੰ ਜਨ ਸੁਰਾਜ ਪਾਰਟੀ ਵਜੋਂ ਸਵੀਕਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਸਿਆਸੀ ਰਣਨੀਤੀਕਾਰ ਬਣੇ ਕਾਰਕੁਨ ਪ੍ਰਸ਼ਾਂਤ ਕਿਸ਼ੋਰ ਆਪਣੀ ਸਿਆਸੀ ਪਾਰਟੀ ਦੀ ਰਸਮੀ ਸ਼ੁਰੂਆਤ ਲਈ ਵੱਡੀ ਗਿਣਤੀ ਸਮਰਥਕਾਂ ਦੀ ਮੌਜੂਦਗੀ ਵਿੱਚ ਆਪਣੇ ਨਿਵਾਸ ਤੋਂ ਰਵਾਨਾ ਹੋਏ ਸਨ। ਇਹ ਸਮਾਗਮ ਬਿਹਾਰ ਵੈਟਰਨਰੀ ਕਾਲਜ, ਪਟਨਾ ਵਿਖੇ ਹੋ ਰਿਹਾ ਹੈ।
ਕਿਹੜੇ ਮੁੱਦਿਆਂ 'ਤੇ ਚੋਣ ਲੜੇਗੀ ਪੀਕੇ ਦੀ ਪਾਰਟੀ ?
ਜਨ ਸੁਰਾਜ ਯਾਤਰਾ ਦੌਰਾਨ ਪੀਕੇ ਨੇ ਕਈ ਵਾਰ ਕਿਹਾ ਕਿ ਉਹ ਬਿਹਾਰ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਦੀ ਦਲਦਲ ਵਿੱਚੋਂ ਕੱਢਣ ਲਈ ਸਿਆਸੀ ਮੈਦਾਨ ਵਿੱਚ ਆਏ ਹਨ। ਪੀਕੇ ਦਾ ਕਹਿਣਾ ਹੈ ਕਿ ਬਿਹਾਰ ਨੂੰ ਹੁਣ ਜਾਤੀ ਅਤੇ ਧਰਮ ਦੇ ਨਾਂ 'ਤੇ ਵੋਟ ਨਹੀਂ ਪਾਉਣੀ ਚਾਹੀਦੀ ਸਗੋਂ ਵਿਕਾਸ ਦੇ ਮੁੱਦੇ 'ਤੇ ਆਪਣੇ ਨੁਮਾਇੰਦੇ ਚੁਣਨੇ ਚਾਹੀਦੇ ਹਨ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਪਰਵਾਸ ਅਤੇ ਬੇਰੁਜ਼ਗਾਰੀ ਤੋਂ ਲੈ ਕੇ ਬਿਹਾਰ ਦੇ ਪਛੜੇਪਣ ਅਤੇ ਰਾਜ ਦੀਆਂ ਸਮੱਸਿਆਵਾਂ ਦੇ ਮੁੱਦਿਆਂ 'ਤੇ ਚੋਣ ਲੜੇਗੀ।
ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਪੀਕੇ
ਪੀਕੇ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਤੁਰੰਤ ਸ਼ਰਾਬਬੰਦੀ ਨੂੰ ਖਤਮ ਕਰ ਦੇਣਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਕੋਈ ਸਿਆਸੀ ਖਾਹਿਸ਼ ਨਹੀਂ ਹੈ ਅਤੇ ਉਹ ਬਿਹਾਰ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਦੀਆਂ ਸਾਰੀਆਂ 243 ਸੀਟਾਂ 'ਤੇ ਚੋਣ ਲੜੇਗੀ।