ਚਮੋਲੀ ਦੇ ਲਾਪਤਾ ਜਵਾਨ ਦੀ ਲਾਸ਼ 56 ਸਾਲ ਬਾਅਦ ਬਰਫ ’ਚ ਦੱਬੀ ਮਿਲੀ 

ਏਜੰਸੀ

ਖ਼ਬਰਾਂ, ਰਾਸ਼ਟਰੀ

56 ਸਾਲਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਇਕ ਹੋਰ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ 

Chamoli: Army officers pay tribute to the mortal remains of soldier Narayan Singh, who went missing in the plane crash at the Rohtang Pass in 1960, at Gauchar airport in Chamoli. (PTI Photo)

ਗੋਪੇਸ਼ਵਰ : ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਨੇੜੇ 56 ਸਾਲ ਪਹਿਲਾਂ ਹਵਾਈ ਹਾਦਸੇ ਤੋਂ ਬਾਅਦ ਲਾਪਤਾ ਹੋਏ ਭਾਰਤੀ ਫੌਜ ਦੇ ਮੈਡੀਕਲ ਕੋਰ ਦੇ ਜਵਾਨ ਨਰਾਇਣ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਚਮੋਲੀ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਘਾਟ ’ਤੇ ਅੰਤਿਮ ਸੰਸਕਾਰ ਲਈ ਲਿਆਂਦੀ ਜਾਵੇਗੀ। 

ਅਧਿਕਾਰੀਆਂ ਨੇ ਦਸਿਆ ਕਿ ਚਮੋਲੀ ਜ਼ਿਲ੍ਹੇ ਦੀ ਥਰਾਲੀ ਤਹਿਸੀਲ ਦੇ ਕੋਲਪੁੜੀ ਪਿੰਡ ਦਾ ਨਰਾਇਣ ਸਿੰਘ ਉਨ੍ਹਾਂ ਚਾਰ ਜਵਾਨਾਂ ਦੀਆਂ ਲਾਸ਼ਾਂ ’ਚ ਸ਼ਾਮਲ ਸੀ, ਜੋ ਫੌਜ ਦੇ ਤਲਾਸ਼ੀ ਅਭਿਆਨ ਦੌਰਾਨ ਬਰਫ ਹੇਠ ਦੱਬੇ ਹੋਏ ਸਨ। 

7 ਫ਼ਰਵਰੀ 1968 ਨੂੰ ਚੰਡੀਗੜ੍ਹ ਤੋਂ ਲੱਦਾਖ ਜਾ ਰਿਹਾ ਭਾਰਤੀ ਹਵਾਈ ਫੌਜ ਦਾ ਜਹਾਜ਼ ਰੋਹਤਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਇਸ ਵਿਚ ਸਵਾਰ ਸਾਰੇ ਲੋਕ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਦਸਿਆ ਕਿ ਸ਼ਹੀਦ ਜਵਾਨ ਦਾ ਅੰਤਿਮ ਸੰਸਕਾਰ ਪਿੰਡ ਦੇ ਜੱਦੀ ਘਾਟ ’ਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। 

ਕੋਲਪੁੜੀ ਪਿੰਡ ਥਰਾਲੀ ਦੇ ਤਹਿਸੀਲ ਹੈੱਡਕੁਆਰਟਰ ਦੇ ਨੇੜੇ ਸਥਿਤ ਹੈ। ਸਿਪਾਹੀ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਬਸੰਤੀ ਦੇਵੀ ਦੀ 2011 ’ਚ ਮੌਤ ਹੋ ਗਈ ਸੀ। 

56 ਸਾਲ ਬਾਅਦ ਮਿਲੀ ਮਲਖਾਨ ਸਿੰਘ ਦੀ ਮ੍ਰਿਤਕ ਦੇਹ ਦਾ ਸਹਾਰਨਪੁਰ ’ਚ ਹੋਇਆ ਸਸਕਾਰ

ਸਹਾਰਨਪੁਰ : ਭਾਰਤੀ ਹਵਾਈ ਫ਼ੌਜ ਦੇ ਜਵਾਨ ਮਲਖਾਨ ਸਿੰਘ ਦੀ ਮ੍ਰਿਤਕ ਦੇਹ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ’ਚ ਉਸ ਦੇ ਜੱਦੀ ਪਿੰਡ ਫਤਿਹਪੁਰ ਲੈ ਕੇ ਆਏ। ਮਲਖਾਨ 56 ਸਾਲ ਪਹਿਲਾਂ ਰੋਹਤਾਂਗ ਪਾਸ ਨੇੜੇ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਸਵਾਰ ਸੀ ਅਤੇ ਘਟਨਾ ਤੋਂ ਬਾਅਦ ਲਾਪਤਾ ਸੀ। 

ਹਵਾਈ ਫੌਜ ਨੇ ਇਸ ਸਬੰਧੀ ਉਸ ਦੇ ਪਰਵਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿਤਾ ਸੀ, ਇਸ ਲਈ ਪਰਵਾਰ ਅਤੇ ਪਿੰਡ ਵਾਸੀਆਂ ਨੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਸਨ। ਜਿਵੇਂ ਹੀ ਮ੍ਰਿਤਕ ਦੇਹ ਪਿੰਡ ਪਹੁੰਚੀ, ਵੱਡੀ ਗਿਣਤੀ ਵਿਚ ਸਥਾਨਕ ਲੋਕ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ‘ਮਲਖਾਨ ਸਿੰਘ ਅਮਰ ਰਹੇ’, ‘ਇੰਡੀਆ ਮਾਤਾ ਕੀ ਜੈ’ ਵਰਗੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਵਧੀਕ ਪੁਲਿਸ ਸੁਪਰਡੈਂਟ ਸਾਗਰ ਜੈਨ ਨੇ ਦਸਿਆ ਕਿ ਮਲਖਣ ਸਿੰਘ ਦੀ ਲਾਸ਼ ਬੁਧਵਾਰ ਦੁਪਹਿਰ ਕਰੀਬ 2:30 ਵਜੇ ਮਿਲੀ। 6:30 ਵਜੇ ਸਸਕਾਰ ਕਰ ਦਿਤਾ ਗਿਆ। 

ਮਲਖਾਨ ਸਿੰਘ ਦੇ ਛੋਟੇ ਭਰਾ ਈਸਮ ਸਿੰਘ (68) ਨੇ ਦਸਿਆ ਕਿ ਉਹ 20 ਸਾਲ ਦੀ ਉਮਰ ’ਚ ਭਾਰਤੀ ਹਵਾਈ ਫੌਜ ’ਚ ਭਰਤੀ ਹੋਇਆ ਸੀ ਅਤੇ ਤਿੰਨ ਸਾਲ ਬਾਅਦ ਇਕ ਜਹਾਜ਼ ਹਾਦਸੇ ’ਚ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਉਹ ਅਪਣੇ ਪਿੱਛੇ ਪਤਨੀ ਸ਼ੀਲਾ ਦੇਵੀ ਅਤੇ 18 ਮਹੀਨੇ ਦਾ ਬੇਟਾ ਰਾਮ ਪ੍ਰਸਾਦ ਛੱਡ ਗਏ ਸਨ। 

ਈਸਮ ਨੇ ਦਸਿਆ ਕਿ ਮਲਖਾਨ ਦੀ ਮੌਤ ਤੋਂ ਬਾਅਦ ਸ਼ੀਲਾ ਨੇ ਅਪਣੇ ਦੂਜੇ ਛੋਟੇ ਭਰਾ ਚੰਦਰਪਾਲ ਨਾਲ ਵਿਆਹ ਕਰਵਾ ਲਿਆ। ਸ਼ੀਲਾ ਅਤੇ ਉਨ੍ਹਾਂ ਦਾ ਬੇਟਾ ਵੀ ਇਸ ਸਮੇਂ ਦੁਨੀਆਂ ’ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਲਖਾਨ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਦੀ ਉਮਰ 79 ਸਾਲ ਹੁੰਦੀ। 

ਉਨ੍ਹਾਂ ਕਿਹਾ, ‘‘ਉਹ (ਮਲਖਾਨ) ਹਮੇਸ਼ਾ ਤੋਂ ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਣਾ ਚਾਹੁੰਦੇ ਸਨ। ਉਡਦੇ ਜਹਾਜ਼ਾਂ ਨੂੰ ਵੇਖ ਕੇ ਉਹ ਕਹਿੰਦੇ ਸਨ ਕਿ ਉਹ ਏਅਰ ਫੋਰਸ ’ਚ ਸ਼ਾਮਲ ਹੋਣਗੇ ਅਤੇ ਆਖਰਕਾਰ ਉਨ੍ਹਾਂ ਨੇ ਅਜਿਹਾ ਕਰ ਲਿਆ।’’

ਇਸਮ ਨੇ ਕਿਹਾ, ‘‘ਮਲਖਾਨ ਦੀਆਂ ਕਹਾਣੀਆਂ ਸੁਣ ਕੇ ਵੱਡਾ ਹੋਇਆ ਪੂਰਾ ਪਰਵਾਰ ਆਖਰਕਾਰ ਉਸ ਨੂੰ ਵੇਖੇਗਾ।’’ ਮਲਖਾਨ ਸਿੰਘ ਅਪਣੇ ਪਿੱਛੇ ਪੋਤੇ ਗੌਤਮ ਅਤੇ ਮਨੀਸ਼ ਅਤੇ ਪੋਤੀਆਂ ਸੋਨੀਆ ਸੀਮਾ ਅਤੇ ਮੋਨਿਕਾ ਛੱਡ ਗਏ ਹਨ। 

ਗੌਤਮ ਅਤੇ ਮਨੀਸ਼ ਸਹਾਰਨਪੁਰ ’ਚ ਆਟੋ ਚਲਾਉਂਦੇ ਹਨ ਜਦਕਿ ਸੋਨੀਆ ਅਤੇ ਸੀਮਾ ਵਿਆਹੇ ਹੋਏ ਹਨ। 19 ਸਾਲ ਮੋਨਿਕਾ ਅਜੇ ਵੀ ਪੜ੍ਹਾਈ ਕਰ ਰਹੀ ਹੈ। ਉਸ ਦੇ ਸਾਰੇ ਭੈਣ-ਭਰਾਵਾਂ ਵਿਚੋਂ ਸਿਰਫ ਈਸਮ ਅਤੇ ਭੈਣ ਚੰਦਰਪਾਲੀ ਹੀ ਜ਼ਿੰਦਾ ਹਨ। ਮਲਖਾਨ ਦੇ ਹੋਰ ਛੋਟੇ ਭਰਾ ਸੁਲਤਾਨ ਸਿੰਘ ਅਤੇ ਚੰਦਰਪਾਲ ਦੀ ਪਿਛਲੇ ਕੁੱਝ ਸਾਲਾਂ ’ਚ ਮੌਤ ਹੋ ਗਈ। 

ਏ.ਐਸ.ਪੀ. ਜੈਨ ਨੇ ਕਿਹਾ ਕਿ ਮਲਖਾਨ ਸਿੰਘ ਦੀ ਪਛਾਣ ਲਾਸ਼ ਦੇ ਨੇੜੇ ਮਿਲੇ ਬੈਚ ਤੋਂ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ,  ‘‘ਫੌਜ ਨੇ ਸਾਨੂੰ ਦਸਿਆ ਕਿ ਲਾਸ਼ ਪੂਰੀ ਤਰ੍ਹਾਂ ਸੜੀ ਨਹੀਂ ਸੀ ਕਿਉਂਕਿ ਇਹ ਬਰਫ ਵਿਚ ਪਈ ਸੀ। ਉਨ੍ਹਾਂ ਦੇ ਪਰਵਾਰ ਕ ਮੈਂਬਰ ਉਨ੍ਹਾਂ ਦੀ ਪਛਾਣ ਕਰ ਸਕਦੇ ਹਨ।’’

ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਖੇਤਰ ’ਚ ਬਰਫ ਨਾਲ ਢਕੇ ਪਹਾੜਾਂ ’ਤੇ 1968 ’ਚ ਇਕ ਜਹਾਜ਼ ਹਾਦਸੇ ’ਚ ਲਾਪਤਾ ਹੋਏ ਮਲਖਾਨ ਸਿੰਘ ਦੀ ਲਾਸ਼ ਹਾਲ ਹੀ ’ਚ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟੇਨ ਰੈਸਕਿਊ ਕਰਮਚਾਰੀਆਂ ਦੀ ਸਾਂਝੀ ਟੀਮ ਨੇ ਬਰਾਮਦ ਕੀਤੀ ਸੀ। 

ਏ.ਐਨ.-12 ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਲਗਭਗ 56 ਸਾਲ ਬਾਅਦ ਚਾਰ ਫ਼ੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਦੋ ਇੰਜਣ ਵਾਲਾ ਟਰਬੋਪ੍ਰੋਪ ਟਰਾਂਸਪੋਰਟ ਜਹਾਜ਼ 7 ਫ਼ਰਵਰੀ 1968 ਨੂੰ ਚੰਡੀਗੜ੍ਹ ਤੋਂ ਲੇਹ ਲਈ ਉਡਾਣ ਭਰਦੇ ਸਮੇਂ ਲਾਪਤਾ ਹੋ ਗਿਆ ਸੀ। 

ਇਕ ਅਧਿਕਾਰੀ ਨੇ ਕਿਹਾ, ‘‘ਫ਼ੌਜੀਆਂ ਦੀਆਂ ਲਾਸ਼ਾਂ ਅਤੇ ਜਹਾਜ਼ ਦਾ ਮਲਬਾ ਦਹਾਕਿਆਂ ਤਕ ਬਰਫ ਨਾਲ ਢਕੇ ਖੇਤਰ ’ਚ ਦੱਬਿਆ ਰਿਹਾ। ਸਾਲ 2003 ’ਚ ਅਟਲ ਬਿਹਾਰੀ ਵਾਜਪਾਈ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਪਰਬਤਾਰੋਹੀਆਂ ਨੇ ਇਸ ਦਾ ਮਲਬਾ ਲੱਭਿਆ ਸੀ। ਇਸ ਤੋਂ ਬਾਅਦ ਭਾਰਤੀ ਫੌਜ, ਖਾਸ ਕਰ ਕੇ ਡੋਗਰਾ ਸਕਾਊਟਸ ਵਲੋਂ ਕਈ ਸਾਲਾਂ ਦੇ ਆਪਰੇਸ਼ਨ ਕੀਤੇ ਗਏ। ਖਤਰਨਾਕ ਹਾਲਤਾਂ ਅਤੇ ਮੁਸ਼ਕਲ ਇਲਾਕਿਆਂ ਕਾਰਨ 2019 ਤਕ ਸਿਰਫ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।’’