ਅਧਿਆਪਕ ਜੋੜੇ ਨੇ ਆਪਣੇ ਚੌਥੇ ਬੱਚੇ ਨੂੰ ਛੱਡਿਆ ਜੰਗਲ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਨੌਕਰੀ ਜਾਣ ਦੇ ਡਰ ਕਾਰਨ ਚੁੱਕਿਆ ਕਦਮ

Teacher couple abandon their fourth child in the forest

ਛਿੰਦਵਾੜਾ: ਸਰਕਾਰੀ ਰੁਜ਼ਗਾਰ ਨੀਤੀਆਂ ਬਾਰੇ ਗਲਤ ਜਾਣਕਾਰੀ ਕਾਰਨ ਇਕ ਜੋੜਾ ਏਨਾ ਡਰ ਗਿਆ ਕਿ ਉਨ੍ਹਾਂ ਨੇ ਆਪਣੇ ਤਿੰਨ ਦਿਨਾਂ ਦੇ ਬੱਚੇ ਨੂੰ ਨੌਕਰੀ ਗੁਆਉਣ ਦੇ ਡਰੋਂ ਮੱਧ ਪ੍ਰਦੇਸ਼ ਦੇ ਜੰਗਲ ਵਿਚ ਛੱਡ ਦਿਤਾ, ਕਿਉਂਕਿ ਇਹ ਉਨ੍ਹਾਂ ਦਾ ਚੌਥਾ ਬੱਚਾ ਸੀ। ਬੱਚੇ ਨੂੰ ਛੱਡਣ ਦਾ ਇਹ ਹੈਰਾਨ ਕਰਨ ਵਾਲਾ ਮਾਮਲਾ ਛਿੰਦਵਾੜਾ ਜ਼ਿਲ੍ਹੇ ਦੇ ਨੰਦਨਵਾੜੀ ਪਿੰਡ ਤੋਂ ਸਾਹਮਣੇ ਆਇਆ ਹੈ। ਬੱਚਾ ਰੋਡ ਘਾਟ ਨੇੜੇ ਜੰਗਲ ਦੇ ਖੇਤਰ ਵਿਚ ਚੱਟਾਨਾਂ ਦੇ ਹੇਠਾਂ ਦੱਬਿਆ ਹੋਇਆ ਮਿਲਿਆ।

ਨਵਜੰਮੇ ਬੱਚੇ ਨੂੰ ਐਤਵਾਰ ਰਾਤ ਨੂੰ ਮਰਨ ਲਈ ਛੱਡ ਦਿਤਾ ਗਿਆ ਸੀ। ਪਰ ਇਕ ਸੁਚੇਤ ਸਥਾਨਕ ਰਾਹਗੀਰ ਨੇ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਬੱਚੇ ਨੂੰ ਬਚਾਇਆ। ਪੁਲਿਸ ਮੌਕੇ ਉਤੇ ਪਹੁੰਚੇ ਅਤੇ ਬੱਚੇ ਨੂੰ ਬਚਾਇਆ, ਜਿਸ ਨੂੰ ਤੁਰੰਤ  ਇਲਾਜ ਲਈ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ। ਬਾਅਦ ਵਿਚ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ ਅਤੇ ਇਸ ਸਮੇਂ ਉਹ ਡਾਕਟਰੀ ਦੇਖਭਾਲ ਅਧੀਨ ਹੈ।

ਜਾਂਚ ਦੇ ਨਤੀਜੇ ਵਜੋਂ ਬੱਚੇ ਦੇ ਮਾਤਾ-ਪਿਤਾ ਬਬਲੂ ਡੰਡੋਲੀਆ ਅਤੇ ਰਾਜਕੁਮਾਰੀ ਡੰਡੋਲੀਆ ਨੂੰ ਗ੍ਰਿਫਤਾਰ ਕੀਤਾ ਗਿਆ, ਦੋਵੇਂ 2009 ਤੋਂ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੀਜੀ ਜਮਾਤ ਦੇ ਅਧਿਆਪਕ ਵਜੋਂ ਕੰਮ ਕਰਦੇ ਸਨ। ਪੁਲਿਸ ਮੁਤਾਬਕ ਜੋੜੇ ਨੇ ਆਪਣੀ ਨੌਕਰੀ ਗੁਆਉਣ ਦੇ ਡਰ ਕਾਰਨ ਆਪਣੇ ਚੌਥੇ ਬੱਚੇ ਨੂੰ ਛੱਡਣ ਦੀ ਗੱਲ ਕਬੂਲ ਕੀਤੀ।

ਬਟਕਖਾਪਾ ਥਾਣੇ ਦੇ ਇੰਚਾਰਜ ਅਨਿਲ ਰਾਠੌਰ ਨੇ ਦਸਿਆ ਕਿ ਪੁੱਛ-ਪੜਤਾਲ ਦੌਰਾਨ ਪਿਤਾ ਨੇ ਮੰਨਿਆ ਕਿ ਉਸ ਨੇ ਬੱਚੇ ਨੂੰ ਚਟਾਨ ਦੇ ਹੇਠਾਂ ਦੱਬ ਦਿਤਾ ਸੀ ਕਿਉਂਕਿ ਚੌਥਾ ਬੱਚਾ ਹੋਣ ਨਾਲ ਉਸ ਨੂੰ ਅਧਿਆਪਨ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ ਜਾਂ ਬਰਖਾਸਤ ਕੀਤਾ ਜਾ ਸਕਦਾ ਹੈ। ਇਸ ਜੋੜੇ ਦੇ ਪਹਿਲਾਂ ਹੀ 8, 6 ਅਤੇ 4 ਸਾਲ ਦੀ ਉਮਰ ਦੇ ਤਿੰਨ ਬੱਚੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ  ਮਾਪਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।