ਭਾਰਤ ’ਚ ਲੋਕਤੰਤਰੀ ਪ੍ਰਣਾਲੀ ਉਤੇ ਥੋਕ ’ਚ ਹਮਲੇ ਹੋ ਰਹੇ ਨੇ : ਰਾਹੁਲ ਗਾਂਧੀ
ਭਾਰਤ ਦੀ ਇਕ ਬਹੁਤ ਪੁਰਾਣੀ ਅਧਿਆਤਮਿਕ ਪਰੰਪਰਾ ਅਤੇ ਡੂੰਘੇ ਵਿਚਾਰਾਂ ਵਾਲੀ ਇਕ ਵਿਚਾਰ ਪ੍ਰਣਾਲੀ ਵੀ ਹੈ - ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ਇਸ ਸਮੇਂ ਲੋਕਤੰਤਰੀ ਪ੍ਰਣਾਲੀ ਉਤੇ ਥੋਕ ’ਚ ਹਮਲੇ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਅੰਦਰ ਵੱਖੋ-ਵੱਖ ਰਵਾਇਤਾਂ ਨੂੰ ਵਧਣ-ਫੁੱਲਣ ਦੇਣਾ ਬਹੁਤ ਅਹਿਮ ਹੈ, ਕਿਉਂਕਿ ‘ਅਸੀਂ ਉਹ ਨਹੀਂ ਕਰ ਸਕਦੇ ਜੋ ਚੀਨ ਨੇ ਕੀਤਾ ਹੈ, ਕਿ ਲੋਕਾਂ ਨੂੰ ਦਬਾ ਕੇ ਤਾਨਾਸ਼ਾਹੀ ਚਲਾਉਣਾ।’
ਕੋਲੰਬੀਆ ਦੇ ਮੇਡੇਲਿਨ ’ਚ ਈ.ਆਈ.ਏ. ਯੂਨੀਵਰਸਿਟੀ ’ਚ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਦੇ ਮੁਕਾਬਲੇ ਭਾਰਤ ਦੀ ਪ੍ਰਣਾਲੀ ਬਹੁਤ ਜ਼ਿਆਦਾ ਗੁੰਝਲਦਾਰ ਹੈ ਅਤੇ ਭਾਰਤ ਦੀ ਤਾਕਤ ਗੁਆਂਢੀ ਦੇਸ਼ ਨਾਲੋਂ ਬਹੁਤ ਵੱਖਰੀ ਹੈ।
ਉਨ੍ਹਾਂ ਕਿਹਾ, ‘‘ਭਾਰਤ ਦੀ ਇਕ ਬਹੁਤ ਪੁਰਾਣੀ ਅਧਿਆਤਮਿਕ ਪਰੰਪਰਾ ਅਤੇ ਡੂੰਘੇ ਵਿਚਾਰਾਂ ਵਾਲੀ ਇਕ ਵਿਚਾਰ ਪ੍ਰਣਾਲੀ ਵੀ ਹੈ ਜੋ ਅੱਜ ਦੀ ਦੁਨੀਆਂ ਵਿਚ ਲਾਭਦਾਇਕ ਹੈ। ਪਰੰਪਰਾ ਅਤੇ ਸੋਚਣ ਦੇ ਢੰਗ ਦੇ ਲਿਹਾਜ਼ ਨਾਲ ਦੇਸ਼ ਬਹੁਤ ਕੁੱਝ ਪੇਸ਼ ਕਰ ਸਕਦਾ ਹੈ। ਮੈਂ ਭਾਰਤ ਨੂੰ ਲੈ ਕੇ ਬਹੁਤ ਆਸ਼ਾਵਾਦੀ ਹਾਂ ਪਰ ਇਸ ਦੇ ਨਾਲ ਹੀ ਭਾਰਤੀ ਢਾਂਚੇ ਦੇ ਅੰਦਰ ਨੁਕਸ ਹਨ, ਕੁੱਝ ਜੋਖਮ ਵੀ ਹਨ ਜਿਨ੍ਹਾਂ ਨੂੰ ਭਾਰਤ ਨੂੰ ਪਾਰ ਕਰਨਾ ਹੈ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੱਭ ਤੋਂ ਵੱਡਾ ਖ਼ਤਰਾ ਭਾਰਤ ’ਚ ਲੋਕਤੰਤਰ ਉਤੇ ਹੋ ਰਿਹਾ ਹਮਲਾ ਹੈ।
ਉਨ੍ਹਾਂ ਕਿਹਾ, ‘‘ਭਾਰਤ ਦੇ ਕਈ ਧਰਮ, ਪਰੰਪਰਾਵਾਂ ਅਤੇ ਭਾਸ਼ਾਵਾਂ ਹਨ। ਭਾਰਤ ਅਸਲ ਵਿਚ ਅਪਣੇ ਸਾਰੇ ਲੋਕਾਂ ਵਿਚਕਾਰ ਗੱਲਬਾਤ ਹੈ। ਅਲੱਗ-ਅਲੱਗ ਵਿਚਾਰਾਂ, ਧਰਮਾਂ ਅਤੇ ਪਰੰਪਰਾਵਾਂ ਦੇ ਲਈ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਉਸ ਜਗ੍ਹਾ ਨੂੰ ਬਣਾਉਣ ਦਾ ਸੱਭ ਤੋਂ ਵਧੀਆ ਤਰੀਕਾ ਲੋਕਤੰਤਰੀ ਪ੍ਰਣਾਲੀ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਇਸ ਸਮੇਂ ਭਾਰਤ ’ਚ ਲੋਕਤੰਤਰੀ ਪ੍ਰਣਾਲੀ ਉਤੇ ਥੋਕ ਹਮਲਾ ਹੋ ਰਿਹਾ ਹੈ, ਇਸ ਲਈ ਇਹ ਖਤਰਾ ਹੈ। ਦੂਸਰਾ ਵੱਡਾ ਜੋਖਮ ਵੱਖੋ ਵੱਖਰੀਆਂ ਧਾਰਨਾਵਾਂ ਹਨ - ਵੱਖੋ-ਵੱਖਰੇ ਧਰਮ, ਵੱਖੋ-ਵੱਖਰੀਆਂ ਭਾਸ਼ਾਵਾਂ। ਇਨ੍ਹਾਂ ਅਲੱਗ-ਅਲੱਗ ਪਰੰਪਰਾਵਾਂ ਨੂੰ ਫਲਣ-ਫੁੱਲਣ ਦੇਣਾ, ਉਨ੍ਹਾਂ ਨੂੰ ਪ੍ਰਗਟ ਕਰਨ ਦਾ ਮੌਕਾ ਦੇਣਾ, ਭਾਰਤ ਜਿਹੇ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਅਸੀਂ ਉਹ ਨਹੀਂ ਕਰ ਸਕਦੇ ਜੋ ਚੀਨ ਕਰਦਾ ਹੈ, ਜੋ ਲੋਕਾਂ ਨੂੰ ਦਬਾਉਣਾ ਅਤੇ ਤਾਨਾਸ਼ਾਹੀ ਪ੍ਰਣਾਲੀ ਚਲਾਉਣਾ ਹੈ। ਸਾਡਾ ਡਿਜ਼ਾਈਨ ਇਸ ਨੂੰ ਮਨਜ਼ੂਰ ਨਹੀਂ ਕਰੇਗਾ।’’
ਦਖਣੀ ਅਮਰੀਕੀ ਦੇਸ਼ ਦੀ ਅਪਣੀ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕੋਲੰਬੀਆ ਦੇ ਰਾਸ਼ਟਰਪਤੀ ਸੈਨੇਟ ਲਿਡਿਓ ਗ੍ਰੇਸੀਆ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸੀ ਨੇਤਾ ਦਖਣੀ ਅਮਰੀਕਾ ਦੇ ਚਾਰ ਦੇਸ਼ਾਂ ਦੇ ਦੌਰੇ ਉਤੇ ਹਨ।