ਆਮ ਜਨਤਾ 'ਤੇ  ਵਧਿਆ ਬੋਝ, ਘਰੇਲੂ ਗੈਸ ਸਿਲੰਡਰ 60 ਰੁਪਏ ਤੱਕ ਹੋਇਆ ਮਹਿੰਗਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਸੋਈ ਗੈਸ ਸਿਲੰਡਰ ਦੇ ਬਾਜ਼ਾਰ ਦਾ ਮੁੱਲ 60.50 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 95 ਰੁਪਏ ਦਾ ਵਾਧਾ ਕੀਤਾ ਗਿਆ ਹੈ।

LPG Cylinder Gets More Expensive

ਨਵੀਂ ਦਿੱਲੀ, ( ਪੀਟੀਆਈ ) : ਦੀਵਾਲੀ ਤੋਂ ਠੀਕ ਪਹਿਲਾਂ ਐਲਪੀਜੀ ਸਿਲੰਡਰ ਮਹਿੰਗਾ ਹੋ ਗਿਆ ਹੈ। ਇਸ ਵਾਰ ਵੀ ਘਰੇਲੂ (14.2 ਕਿਲੋ ) ਅਤੇ ਕਮਰਸ਼ੀਅਲ ਗੈਸ ਸਿਲੰਡਰ ( 19 ਕਿਲੋ) ਦੀਆਂ ਕੀਮਤਾਂ ਵਿਚ ਕੰਪਨੀਆਂ ਨੇ ਵਾਧਾ ਕੀਤਾ ਹੈ। ਰਸੋਈ ਗੈਸ ਸਿਲੰਡਰ ਦੇ ਬਾਜ਼ਾਰ ਦਾ ਮੁੱਲ 60.50 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 95 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿਚ ਹੋਏ ਇਸ ਵਾਧੇ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ 1000 ਦੇ ਨੇੜੇ ਭਾਵ ਕਿ 977.50 ਰੁਪਏ ਤੱਕ ਦਾ ਹੋ ਗਿਆ ਹੈ।

ਉਪਭੋਗਤਾਵਾਂ ਨੂੰ ਇਹ ਸਿੰਲਡਰ ਅਜੇ ਤੱਕ 917 ਰੁਪਏ ਦਾ ਪੈ ਰਿਹਾ ਸੀ। ਬੀਤੇ ਮਹੀਨੇ 1580 ਰੁਪਏ ਵਿਚ ਮਿਲਣ ਵਾਲੇ ਕਮਰਸ਼ੀਅਲ ਸਿਲੰਡਰ ਲਈ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਹੁਣ ਕੁੱਲ 1675 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਬੀਤੇ 6 ਮਹੀਨੇ ਤੋਂ ਲਗਾਤਾਰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵੱਧ ਰਹੀਆਂ ਹਨ। ਘਰੇਲੂ ਗੈਸ ਸਿਲੰਡਰ ਦੇ ਬਾਜ਼ਾਰ ਦੇ ਮੁੱਲ ਵਿਚ 291 ਰੁਪਏ ਦਾ ਵਾਧਾ ਹੋਇਆ ਹੈ, ਉਥੇ ਹੀ 6 ਮਹੀਨੇ ਵਿਚ ਕਮਰਸ਼ੀਅਲ ਸਿਲੰਡਰ 430 ਰੁਪਏ ਮਹਿੰਗਾ ਹੋਇਆ ਹੈ।

ਘਰੇਲੂ ਗੈਸ ਸਿਲੰਡਰ ਤੇ ਉਪਭੋਗਤਾਵਾਂ ਨੂੰ 471.75 ਰੁਪਏ ਦੀ ਸਬਸਿਡੀ ਮਿਲੇਗੀ। 977.50 ਰੁਪਏ ਦਾ ਸਿਲੰਡਰ ਖਰੀਦਣ ਤੋਂ ਬਾਅਦ ਉਪਭੋਗਤਾਵਾਂ ਦੇ ਬੈਂਕ ਖਾਤਿਆਂ ਵਿਚ 471.75 ਰੁਪਏ ਦੀ ਸਬਸਿਡੀ ਕੀਤੀ ਜਾਵੇਗੀ। ਦੱਸ ਦਈਏ ਕਿ ਔਸਤ ਅੰਤਰਰਾਸ਼ਟਰੀ ਬੈਂਚ ਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਐਕਸਚੇਂਜ  ਦਰ ਦੇ ਅਨੁਕੂਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਹੁੰਦੀਆਂ ਹਨ। ਜਿਸ ਦੇ ਆਧਾਰ ਤੇ ਸਬਸਿਡੀ ਕੀਮਤ ਵਿਚ ਹਰ ਮਹੀਨੇ ਬਦਲਾਅ ਹੁੰਦਾ ਹੈ। ਜਦ ਅੰਤਰਰਾਸ਼ਟਰੀ ਦਰਾਂ ਵਿਚ ਵਾਧਾ ਹੁੰਦਾ ਹੈ,

ਤਾਂ ਸਰਕਾਰ ਵੱਧ ਸਬਸਿਡੀ ਦਿੰਦੀ ਹੈ, ਪਰ ਟੈਕਸ ਨਿਯਮਾਂ ਅਨੁਸਾਰ ਰਸੋਈ ਗੈਸ ਤੇ ਮਾਲ ਅਤੇ ਸੇਵਾ ਕਰ ( ਜੀਐਸਟੀ) ਦੀ ਗਣਨਾ ਬਾਜ਼ਾਰ ਦੇ ਮੁੱਲ ਤੇ ਹੀ ਨਿਰਧਾਰਤ ਕੀਤੀ ਜਾਂਦੀ ਹੈ। ਅਜਿਹੇ ਵਿਚ ਸਰਕਾਰ ਇੰਧਨ ਦੀਆਂ ਕੀਮਤਾਂ ਦੇ ਇਕ ਹਿੱਸੇ ਨੂੰ ਤਾਂ ਸਬਸਿਡੀ ਦੇ ਤੌਰ ਤੇ ਦੇ ਸਕਦੀ ਹੈ ਪਰ ਟੈਕਸ ਦਾ ਭੁਗਤਾਨ ਬਾਜ਼ਾਰ ਦਰ ਤੇ ਕਰਨਾ ਹੁੰਦਾ ਹੈ, ਇਸ ਦੇ ਚਲਦਿਆਂ ਹੀ ਕੀਮਤਾਂ ਵਿਚ ਵਾਧਾ ਹੁੰਦਾ ਹੈ।