ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਜ਼ਰਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੇਤਾ ਮਹਿਬੂਬਾ ਮੁਫ਼ਤੀ ਨੂੰ ਨਜ਼ਰਬੰਦ ਕਰ ਦਿਤਾ ਗਿਆ।

Mehbooba Mufti

ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੇਤਾ ਮਹਿਬੂਬਾ ਮੁਫ਼ਤੀ ਨੂੰ ਸੋਮਵਾਰ ਨੂੰ ਨਜ਼ਰਬੰਦ ਕਰ ਦਿਤਾ ਗਿਆ। ਉਹ ਅਨੰਤਨਾਗ ’ਚ ਅਤਿਵਾਦੀ ਅਤੇ ਸੁਰੱਖਿਆ ਦਸਤਿਆਂ ਵਿਚਾਲੇ 24 ਅਕਤੂਬਰ ਨੂੰ ਹੋਈ ਗੋਲੀਬਾਰੀ ਵਿਚ ਮਾਰੇ ਗਏ ਇਕ ਨੌਜਵਾਨ ਦੇ ਪ੍ਰਵਾਰ ਨੂੰ ਮਿਲਣ ਲਈ ਜਾਣ ਵਾਲੀ ਸੀ। ਮੁਫ਼ਤੀ ਸ਼ਾਹਿਦ ਅਹਿਮਦ ਦੇ ਪ੍ਰਵਾਰ ਨੂੰ ਮਿਲਣ ਜਾਣ ਵਾਲੀ ਸੀ। ਅਹਿਮਦ ਦੀ ਮੌਤ 24 ਅਕਤੂਬਰ ਨੂੰ ਦਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਗੋਲੀਬਾਰੀ ਦੀ ਘਟਨਾ ’ਚ ਹੋਈ।  

ਪਾਰਟੀ ਦੇ ਇਕ ਨੇਤਾ ਨੇ ਦਸਿਆ ਕਿ ਪੁਲਿਸ ਫ਼ੋਰਸ ਨੇ ਮਹਿਬੂਬਾ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਬੰਦ ਕਰ ਕੇ ਬਾਹਰ ਇਕ ਮੋਬਾਈਲ ਬੰਕਰ ਤਾਇਨਾਤ ਕਰ ਦਿਤਾ। ਮਹਿਬੂਬਾ ਨੇ ਹੈਰਾਨੀ ਜ਼ਾਹਰ ਕੀਤੀ ਕਿ ਭਾਜਪਾ ਦੇ ਸਾਬਕਾ ਵਿਧਾਇਕ ’ਤੇ ਕੋਈ ਕਾਰਵਾਈ ਨਹੀਂ ਹੋਈ, ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਟੀ-20 ਮੈਚ ਦੌਰਾਨ ਕੁਝ ਕਸ਼ਮੀਰੀਆਂ ਵਲੋਂ ਪਾਕਿਸਤਾਨ ਦਾ ਸਮਰਥਨ ਕਰਨ ’ਤੇ ਉਨ੍ਹਾਂ ਦੀ ਖੱਲ ਲਾਹੁਣ ਦੀ ਗੱਲ ਆਖੀ ਸੀ।

ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੂੰ ਟਵਿਟਰ ’ਤੇ ਟੈਗ ਕਰਦਿਆਂ ਕਿਹਾ ਕਿ,‘‘ਸਾਬਕਾ ਭਾਜਪਾ ਵਿਧਾਇਕ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ’ਚ ਉਹ ਕਸ਼ਮੀਰੀਆਂ ਦੀ ਖੱਲ ਲਾਹੁਣ ਦੀ ਗਲ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਵਿਦਿਆਰਥੀ ਜੇਤੂ ਟੀਮ ਦਾ ਉਤਸ਼ਾਹ ਵਧਾ ਰਹੇ ਸਨ, ਜਿਸ ਕਾਰਨ ਉਨ੍ਹਾਂ ’ਤੇ ਦੇਸ਼ ਧਰੋਹ ਦਾ ਦੋਸ਼ ਲਾਇਆ ਗਿਆ।’’