ਸ਼ਿਲੌਂਗ 'ਚ ਵੱਸਦੇ ਪੰਜਾਬੀਆਂ ਨੇ ਦਿੱਤੀ ਚਿਤਾਵਨੀ, 'ਘਰ ਖਾਲੀ ਕਰਨ ਦੀ ਥਾਂ ਸਾਨੂੰ ਮਰਨਾ ਮਨਜ਼ੂਰ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) 'ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ।

Shillong Sikhs

ਸ਼ਿਲੌਂਗ (ਹਰਦੀਪ ਸਿੰਘ ਭੋਗਲ): ਕਈ ਸਾਲਾਂ ਤੋਂ ਪੰਜਾਬੀ ਲੇਨ ਵਿਚ ਰਹਿਣ ਵਾਲੇ ਪੰਜਾਬੀਆਂ ਨੇ ਮੇਘਾਲਿਆ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਤਾਂ ਉਹ ਘਰ ਖਾਲੀ ਨਹੀਂ ਕਰਾਂਗੇ, ਇਸ ਦੀ ਬਜਾਏ ਉਹਨਾਂ ਨੂੰ ਮਰਨਾ ਮਨਜ਼ੂਰ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਰੀਬ 200 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਇਹ ਜ਼ਮੀਨ ਸਾਡੇ ਵਡੇਰਿਆਂ ਨੂੰ ਤੋਹਫ਼ੇ ਵਜੋਂ ਦਿਤੀ ਗਈ ਸੀ, ਜਿਸ ’ਤੇ ਕਿਸੇ ਹੋਰ ਦਾ ਹੱਕ ਨਹੀਂ |

ਹੋਰ ਪੜ੍ਹੋ: ਭਾਜਪਾ ਆਗੂ ਦਾ ਵਿਵਾਦਤ ਬਿਆਨ, ‘ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀਆਂ ਲੜਕੀਆਂ ਦੀ ਚਮੜੀ ਉਧੇੜ ਦਿਓ’

ਦਰਅਸਲ ਭਾਜਪਾ ਨਾਲ ਗਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ਿਲੌਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) 'ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਅਪਣੇ ਘਰਾਂ ਅਤੇ ਹੱਕਾਂ ਦੀ ਰਾਖੀ ਲਈ ਮੇਘਾਲਿਆ ਸਰਕਾਰ ਖਿਲਾਫ਼ ਹਰ ਪੱਧਰ ’ਤੇ ਜੰਗ ਲੜਨਗੇ। ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਸ.ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਲੇਨ ਵਾਸੀਆਂ ਨੇ ਮੀਟਿੰਗ ਵਿਚ ਮੇਘਾਲਿਆ ਸਰਕਾਰ ਵਲੋਂ ਜ਼ਮੀਨ ਦਾ ਕਬਜ਼ਾ ਲੈਣ ਦੇ ਐਲਾਨ ਦਾ ਵਿਰੋਧ ਕੀਤਾ ਹੈ।

ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਜਾਦੂਈ ਆਵਾਜ਼ 'ਚ ਫ਼ਿਲਮ 'ਫੁੱਫੜ ਜੀ' ਦਾ ਨਵਾਂ ਗੀਤ 'ਆਪਾਂ ਦੋਵੇਂ' ਹੋਇਆ ਰੀਲੀਜ਼

ਉਹਨਾਂ ਕਿਹਾ ਕਿ ਤਿੰਨ ਏਕੜ ਜ਼ਮੀਨ ਉੱਤੇ ਪੰਜਾਬੀ ਜਾਂ ਸਿੱਖ ਪਰਿਵਾਰ ਹੀ ਨਹੀਂ ਸਗੋਂ ਈਸਾਈ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਲੇਨ ਵਿਚ ਗੁਰਦੁਆਰਾ ਸਾਹਿਬ, ਮੰਦਿਰ ਅਤੇ ਚਰਚ ਵੀ ਬਣੀ ਹੋਈ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਲਾਂਗ ਦੀ ਸਰਕਾਰ ਦਾ ਰਵੱਈਆ ਉਹਨਾਂ ਦੇ ਖਿਲਾਫ ਹੈ। ਸਰਕਾਰ ਕਿਸੇ ਨਾ ਕਿਸੇ ਬਹਾਨੇ ਸਾਨੂੰ ਇੱਥੋਂ ਹਟਾਉਣਾ ਚਾਹੁੰਦੀ ਹੈ ਕਿਉਂਕਿ ਇਹ ਇਲਾਕਾ ਸ਼ਹਿਰ ਵਿਚ ਆਉਂਦਾ ਤੇ ਸਰਕਾਰ ਇੱਥੇ ਕੋਈ ਸ਼ਾਪਿੰਗ ਮਾਲ ਜਾਂ ਹੋਰ ਚੀਜ਼ ਬਣਾ ਕੇ ਵਪਾਰ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ: ਭੁੱਖੇ ਨੂੰ ਖਵਾਉਣਾ ਅਤੇ ਖੁਸ਼ੀਆਂ ਵੰਡਣਾ ਹੀ 'ਧਰਮ' ਹੈ  : ਸਿੱਧੂ 

ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਵੀ ਜਿਹੜੇ ਵਫਦ ਇੱਥੇ ਆਉਂਦੇ ਹਨ, ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ। ਉਹਨਾਂ ਦਾ ਕਹਿਣਾ ਹੈ ਹਾਲਾਤ ਬਹੁਤ ਖਰਾਬ ਹਨ ਕਿਉਂਕਿ ਸਰਕਾਰ ਕੀ ਕਾਰਵਾਈ ਕਰੇਗੀ, ਇਸ ਦਾ ਕੋਈ ਭਰੋਸਾ ਨਹੀਂ। ਮੁੱਖ ਮੰਤਰੀ ਦਾ ਵੀ ਬਿਆਨ ਆਇਆ ਹੈ, ਜਿਸ ਵਿਚ ਉਹਨਾਂ ਕਿਹਾ ਕਿ ਜ਼ਮੀਨ ਸਾਡੀ ਹੈ ਅਤੇ ਅਸੀਂ ਕਾਰਵਾਈ ਕਰਾਂਗੇ।ਗੁਰਜੀਤ ਸਿੰਘ ਨੇ ਐਸਜੀਪੀਸੀ ਸਮੇਤ ਹੋਰ ਸਿੱਖ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਨੂੰ ਸਹਿਯੋਗ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ 200 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਤੇ ਹੁਣ ਧੱਕੇਸ਼ਾਹੀ ਨਾਲ ਸਾਨੂੰ ਇੱਥੋਂ ਕੱਢਿਆ ਜਾ ਰਿਹਾ ਹੈ।