ਕਿਸਾਨਾਂ ਤੋਂ ਗੋਹਾ ਖਰੀਦ ਕੇ ਬਿਜਲੀ ਪੈਦਾ ਕਰੇਗੀ UP ਸਰਕਾਰ, ਵਾਰਾਣਸੀ 'ਚ ਬਣੇਗਾ ਪਲਾਂਟ : ਮੰਤਰੀ
ਕਿਹਾ,ਪਲਾਂਟ ਤੋਂ ਪੈਦਾ ਹੋਣ ਵਾਲੇ ਗੋਬਰ ਦੇ ਕੂੜੇ ਤੋਂ ਤਿਆਰ ਕੀਤੀ ਜਾਵੇਗੀ ਜੈਵਿਕ ਖਾਦ
ਮਥੁਰਾ : ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ, ਦੁੱਧ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਚੌਧਰੀ ਲਕਸ਼ਮੀ ਨਾਰਾਇਣ ਨੇ ਕਿਹਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਤੋਂ ਗੋਹਾ ਖਰੀਦੇਗੀ ਅਤੇ ਬਿਜਲੀ ਪੈਦਾ ਕਰਨ ਦਾ ਕੰਮ ਕਰੇਗੀ। ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪਹਿਲਾ ਪਲਾਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਸ਼ੁਰੂ ਕੀਤਾ ਜਾਵੇਗਾ। ਪਲਾਂਟ ਦੇ ਦੋ ਮਹੀਨਿਆਂ ਵਿੱਚ ਚਾਲੂ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ ਮੰਤਰੀ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੁਆਰਾ 'ਵਿਕਾਸ ਪ੍ਰੋਜੈਕਟ' ਦੇ ਤਹਿਤ ਵਾਰਾਣਸੀ ਦੁੱਧ ਉਤਪਾਦਕ ਸਹਿਕਾਰੀ ਫ਼ੈਡਰੇਸ਼ਨ ਸਮੇਤ ਚਾਰ ਪਾਰਟੀਆਂ ਵਿਚਕਾਰ ਸਮਝੌਤਾ ਪੱਤਰ 'ਤੇ ਦਸਤਖ਼ਤ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਸਮਾਗਮ ਦਾ ਆਯੋਜਨ ਡਿਜੀਟਲ ਰੂਪ ਵਿਚ ਕੀਤਾ ਗਿਆ।
ਚੌਧਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਹਿੱਸੇ ਵਜੋਂ ਡੇਅਰੀ ਪਲਾਂਟ ਦੀ ਉਪਯੋਗਤਾ ਨੂੰ ਵਧਾਏਗਾ। ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਦੁੱਧ ਯੂਨੀਅਨ ਨੂੰ ਵੱਧ ਤੋਂ ਵੱਧ ਮੁਨਾਫ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਡੇਅਰੀ ਵਿੱਚ ਦੁੱਧ ਲਿਆਉਣ ਵਾਲੇ ਕਿਸਾਨਾਂ ਤੋਂ ਗੋਹਾ ਖਰੀਦ ਕੇ ਬਿਜਲੀ ਪੈਦਾ ਕਰੇਗੀ। ਇਸ ਨਾਲ ਜਿੱਥੇ ਕਿਸਾਨਾਂ ਨੂੰ ਵਾਧੂ ਆਮਦਨ ਹੋਵੇਗੀ, ਉੱਥੇ ਹੀ ਗੋਬਰ ਦੀ ਵੀ ਸਹੀ ਵਰਤੋਂ ਹੋਵੇਗੀ। ਪਲਾਂਟ ਤੋਂ ਪੈਦਾ ਹੋਣ ਵਾਲੇ ਗੋਬਰ ਦੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ।
ਚੌਧਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਦੁੱਧ ਉਤਪਾਦਕਾਂ ਦੇ ਦੁੱਧ ਉਤਪਾਦਨ ਦੇ ਖਰਚੇ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਪਿੰਡ ਪੱਧਰ 'ਤੇ ਨਿਰਪੱਖ ਅਤੇ ਪਾਰਦਰਸ਼ੀ ਦੁੱਧ ਦੀ ਖਰੀਦ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ।