ਚੰਡੀਗੜ੍ਹ ਦੇ ਇੰਜੀਨੀਅਰਿੰਗ ਵਿਭਾਗ ਦਾ ਕਾਰਨਾਮਾ! 3 ਸਾਲਾਂ ’ਚ 5061 ਪੱਖਿਆਂ ਦੀ ਮੁਰੰਮਤ ’ਤੇ ਖਰਚੇ 36 ਲੱਖ ਰੁਪਏ
ਜੇਕਰ ਇਹ ਰਕਮ ਨਵੇਂ ਪੱਖੇ ਲਗਵਾਉਣ 'ਤੇ ਖਰਚ ਕੀਤੀ ਜਾਂਦੀ ਤਾਂ ਵੱਡੀ ਗਿਣਤੀ 'ਚ ਨਵੇਂ ਪੱਖੇ ਖਰੀਦੇ ਜਾ ਸਕਦੇ ਸਨ।
ਚੰਡੀਗੜ੍ਹ: ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਲੈਕਟਰੀਕਲ ਵਿੰਗ ਨੇ ਪੱਖਿਆਂ ਦੀ ਮੁਰੰਮਤ ਅਤੇ ਰੀਵਾਇੰਡਿੰਗ 'ਤੇ 36 ਲੱਖ ਰੁਪਏ ਖਰਚ ਕੀਤੇ ਹਨ। ਇਸ ਰਕਮ ਨਾਲ 2500 ਨਵੇਂ ਪੱਖੇ ਖਰੀਦੇ ਜਾ ਸਕਦੇ ਹਨ। ਇਲੈਕਟਰੀਕਲ ਵਿੰਗ ਵੱਲੋਂ ਹਰ ਸਾਲ ਪੱਖਿਆਂ ਦੀ ਮੁਰੰਮਤ ਅਤੇ ਰੀਵਾਇੰਡਿੰਗ ’ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਜੇਕਰ ਇਹ ਰਕਮ ਨਵੇਂ ਪੱਖੇ ਲਗਵਾਉਣ 'ਤੇ ਖਰਚ ਕੀਤੀ ਜਾਂਦੀ ਤਾਂ ਵੱਡੀ ਗਿਣਤੀ 'ਚ ਨਵੇਂ ਪੱਖੇ ਖਰੀਦੇ ਜਾ ਸਕਦੇ ਸਨ।
ਤਿੰਨ ਸਾਲਾਂ ਦੌਰਾਨ 5061 ਪੱਖਿਆਂ ਦੀ ਮੁਰੰਮਤ ਅਤੇ ਰੀਵਾਇੰਡਿੰਗ 'ਤੇ 36 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ। ਸਾਲ 2022 ਦੀ ਗੱਲ ਕਰੀਏ ਤਾਂ ਇਸ ਸਾਲ ਗਰਮੀਆਂ ਦੇ ਮੌਸਮ ਵਿਚ 2334 ਪੱਖਿਆਂ ਦੀ ਮੁਰੰਮਤ ਅਤੇ ਰੀਵਾਇੰਡਿੰਗ ਕੀਤੀ ਗਈ। ਇਸ ’ਤੇ ਕੁੱਲ 16.39 ਲੱਖ ਰੁਪਏ ਖਰਚੇ ਗਏ। ਇਸ ਰਕਮ ਨਾਲ 1000 ਤੋਂ ਵੱਧ ਨਵੇਂ ਪੱਖੇ ਖਰੀਦੇ ਜਾ ਸਕਦੇ ਸਨ। ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਵਿਚ ਇਹ ਖੁਲਾਸਾ ਹੋਇਆ ਹੈ। ਪੱਖਿਆਂ ਦੀ ਮੁਰੰਮਤ ਲਈ ਕੁਝ ਚੋਣਵੀਆਂ ਕੰਪਨੀਆਂ ’ਤੇ ਮਿਹਰਬਾਨੀ ਕੀਤੀ ਜਾ ਰਹੀ ਹੈ। ਪਿਛਲੇ 10 ਸਾਲਾਂ ਤੋਂ ਦੋ ਜਾਂ ਤਿੰਨ ਕੰਪਨੀਆਂ ਨੂੰ ਹੀ ਕੰਮ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਨੇ ਕਿਹਾ ਕਿ ਜੋ ਕੰਮ ਮੁਰੰਮਤ ਨਾਲ ਚੱਲ ਸਕਦਾ ਹੈ, ਉਸ ਲਈ ਨਵੀਂ ਚੀਜ਼ ਖਰੀਦ ਕੇ ਗੈਰ-ਜ਼ਰੂਰੀ ਬੋਝ ਵਧਾਉਣ ਵਾਲੀ ਗੱਲ਼ ਹੈ। ਸਾਨੂੰ ਆਰਥਿਕ ਸਥਿਤੀ ਦੇਖਣੀ ਪੈਂਦੀ ਹੈ। ਚੰਡੀਗੜ੍ਹ ਵਿਚ 13 ਹਜ਼ਾਰ ਸਰਕਾਰੀ ਘਰ ਹਨ, ਸਕੂਲ, ਕਾਲਜ, ਹਸਪਤਾਲ ਅਤੇ ਸਰਕਾਰੀ ਇਮਾਰਤਾਂ ਵਿਚ ਕਰੀਬ ਢਾਈ ਲੱਖ ਪੱਖੇ ਹੋਣਗੇ। ਇਹਨਾਂ ਵਿਚੋਂ 2 ਹਜ਼ਾਰ ਪੱਖਿਆਂ ਦੀ ਮੁਰੰਮਤ ਕੋਈ ਵੱਡੀ ਗੱਲ ਨਹੀਂ ਹੈ। ਕੁੱਝ ਪੱਖੇ ਅਜਿਹੇ ਹਨ ਜੋ ਹੈਰੀਟੇਜ ਸ੍ਰੇਣੀ ਦੇ ਹਨ, ਉਹਨਾਂ ਦੀ ਸੁਰੱਖਿਆ ਜ਼ਰੂਰੀ ਹੈ।