ਮੋਰਬੀ ਪੁਲ ਹਾਦਸੇ ਨੂੰ ਲੈ ਕੇ ਬਾਰ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ, ਦੋਸ਼ੀਆਂ ਦੇ ਕੇਸ ਲੜਨ ਤੋਂ ਕੀਤਾ ਇਨਕਾਰ
ਇਸ ਮਾਮਲੇ ਵਿਚ 9 ਵਿਅਕਤੀਆਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
ਮੋਰਬੀ : ਗੁਜਰਾਤ ਦੇ ਮੋਰਬੀ 'ਚ ਪੁਲ ਡਿੱਗਣ ਕਾਰਨ ਵਾਪਰੇ ਹਾਦਸੇ ਦੇ ਮਾਮਲੇ ਵਿਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹ ਨੂੰ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ। ਇਨ੍ਹਾਂ ਵਿਚ ਇੱਕ ਓਰੇਵਾ ਕੰਪਨੀ ਦਾ ਮੈਨੇਜਰ ਵੀ ਸ਼ਾਮਲ ਹੈ। ਹੁਣ ਵਕੀਲਾਂ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌਂ ਦੋਸ਼ੀਆਂ ਦੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਮੋਰਬੀ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਏਸੀ ਪ੍ਰਜਾਪਤੀ ਨੇ ਕਿਹਾ, ਮੋਰਬੀ ਪੁਲ ਡਿੱਗਣ ਦੀ ਘਟਨਾ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਰਬੀ ਬਾਰ ਐਸੋਸੀਏਸ਼ਨ ਅਤੇ ਰਾਜਕੋਟ ਬਾਰ ਐਸੋਸੀਏਸ਼ਨ ਨੇ ਉਨ੍ਹਾਂ ਦਾ ਕੇਸ ਨਾ ਲੜਨ ਅਤੇ ਉਨ੍ਹਾਂ ਦੀ ਅਗਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਬਾਰ ਐਸੋਸੀਏਸ਼ਨਾਂ ਨੇ ਇਹ ਮਤਾ ਪਾਸ ਕੀਤਾ ਹੈ।
ਗੁਜਰਾਤ 'ਚ ਪੁਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 135 ਹੋ ਗਈ ਹੈ। ਪਹਿਲਾਂ ਇਹ ਗਿਣਤੀ 134 ਦੱਸੀ ਜਾ ਰਹੀ ਸੀ। ਦੱਸਣਯੋਗ ਹੈ ਕਿ ਇਹ ਹਾਦਸਾ ਗੁਜਰਾਤ ਦੇ ਮੋਰਬੀ 'ਚ ਐਤਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਵੱਡੀ ਗਿਣਤੀ ਵਿਚ ਲੋਕ ਉਥੇ ਇਕੱਠੇ ਹੋਏ ਸਨ। ਸਮਰੱਥਾ ਤੋਂ ਵੱਧ ਲੋਕ ਇਕੋ ਸਮੇਂ ਪੁਲ 'ਤੇ ਚੜ ਗਏ ਜਿਸ ਕਾਰਨ ਇਹ ਕੇਬਲ ਪੁਲ ਟੁੱਟ ਗਿਆ ਅਤੇ ਇਸ 'ਤੇ ਮੌਜੂਦ ਸਾਰੇ ਲੋਕ ਨਦੀ ਵਿਚ ਡਿੱਗ ਗਏ।
ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅਹਿਮਦਾਬਾਦ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਪ੍ਰੋਗਰਾਮ 'ਚ ਗੁਜਰਾਤ ਦੇ ਸੀਐੱਮ ਭੂਪੇਂਦਰ ਪਟੇਲ ਸਮੇਤ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਮੋਰਬੀ ਵਿੱਚ ਹੋਏ ਪੁਲ ਹਾਦਸੇ ਤੋਂ ਬਾਅਦ ਪੀਐਮ ਮੋਦੀ ਅਤੇ ਸੀਐਮ ਪਟੇਲ ਦੀ ਸਮੀਖਿਆ ਬੈਠਕ ਵਿੱਚ ਰਾਜ ਵਿਆਪੀ ਸੋਗ ਦਾ ਫੈਸਲਾ ਲਿਆ ਗਿਆ ਸੀ। ਕੱਲ੍ਹ ਪੀਐਮ ਮੋਦੀ ਵੀ ਮੋਰਬੀ ਆਏ ਅਤੇ ਹਸਪਤਾਲ ਵਿੱਚ ਮੌਜੂਦ ਹਾਦਸੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ।