ਜੋਧਪੁਰ ’ਚ ਭਾਰਤ ਮਾਲਾ ਐਕਸਪ੍ਰੈਸ ਵੇਅ ਉਤੇ ਵਾਪਰਿਆ ਭਿਆਨਕ ਹਾਦਸਾ, 18 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੜ੍ਹੇ ਟਰੱਕ ਵਿਚ ਟਕਰਾਇਆ ਟੈਂਪੂ ਟਰੈਵਲਰ, ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ ਮੁਸਾਫ਼ਰ

Horrific accident on Bharat Mala Expressway in Jodhpur, 18 dead

ਜੋਧਪੁਰ : ਰਾਜਸਥਾਨ ਦੇ ਜੋਧਪੁਰ ’ਚ ਐਤਵਾਰ ਰਾਤ ਨੂੰ ਭਾਰਤ ਮਾਲਾ ਐਕਸਪ੍ਰੈਸ ਵੇਅ ਉਤੇ ਇਕ ਟੈਂਪੂ ਟਰੈਵਲਰ ਨੇ ਖੜ੍ਹੇ ਟਰੱਕ ਵਿਚ ਟੱਕਰ ਮਾਰ ਦਿਤੀ, ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। 

ਫਲੋਦੀ ਦੇ ਪੁਲਿਸ ਸੁਪਰਡੈਂਟ ਕੁੰਦਨ ਕੰਵਰੀਆ ਨੇ ਦਸਿਆ  ਕਿ ਪੀੜਤ ਲਗਭਗ 220 ਕਿਲੋਮੀਟਰ ਦੂਰ ਕੋਲਾਇਤ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਜੋਧਪੁਰ ਪਰਤ ਰਹੇ ਸਨ। ਮਾਰੇ ਗਏ ਸਾਰੇ ਲੋਕ ਫਲੋਦੀ ਇਲਾਕੇ ਦੇ ਵਸਨੀਕ ਸਨ। 

ਜ਼ਖਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਵਿਸ਼ੇਸ਼ ਇਲਾਜ ਲਈ ਗ੍ਰੀਨ ਕੋਰੀਡੋਰ ਰਾਹੀਂ ਜੋਧਪੁਰ ਲਿਜਾਇਆ ਗਿਆ। ਪੁਲਿਸ ਦੇ ਡਿਪਟੀ ਸੁਪਰਡੈਂਟ ਅਚਲ ਸਿੰਘ ਦੇਵੜਾ ਨੇ ਦਸਿਆ  ਕਿ ਤੇਜ਼ ਰਫਤਾਰ ਟੈਂਪੂ ਟਰੈਵਲਰ ਖੜ੍ਹੇ ਟਰੱਕ ਨਾਲ ਇੰਨੀ ਤਾਕਤ ਨਾਲ ਟਕਰਾ ਗਿਆ ਕਿ ਇਹ ਪੂਰੀ ਤਰ੍ਹਾਂ ਟੁੱਟ ਗਿਆ। ਕਈ ਮੁਸਾਫ਼ਰ ਅੰਦਰ ਹੀ ਫਸ ਗਏ। 

ਸਥਾਨਕ ਵਸਨੀਕਾਂ ਅਤੇ ਸੜਕ ਤੋਂ ਲੰਘ ਰਹੇ ਲੋਕਾਂ ਦੀ ਮਦਦ ਨਾਲ ਪੁਲਿਸ ਟੀਮਾਂ ਨੇ ਲਾਸ਼ਾਂ ਨੂੰ ਬਾਹਰ ਕੱਢਣ ਅਤੇ ਜ਼ਖਮੀਆਂ ਦੀ ਸਹਾਇਤਾ ਲਈ ਬਚਾਅ ਕਾਰਜ ਕੀਤੇ। ਫਲੋਦੀ ਦੇ ਸਟੇਸ਼ਨ ਹਾਊਸ ਅਫ਼ਸਰ ਅਮਨਾਰਾਮ ਨੇ ਕਿਹਾ, ‘‘ਟੱਕਰ ਏਨੀ ਜ਼ੋਰ ਦੀ ਸੀ ਕਿ ਲਾਸ਼ਾਂ ਸੀਟਾਂ ਉਤੇ  ਹੀ ਫਸ ਗਈਆਂ। ਉਨ੍ਹਾਂ ਨੂੰ ਹਟਾਉਣ ਲਈ ਬਹੁਤ ਮਿਹਨਤ ਕਰਨੀ ਪਈ।’’

ਜੋਧਪੁਰ ਦੇ ਪੁਲਿਸ ਕਮਿਸ਼ਨਰ ਓਮ ਪ੍ਰਕਾਸ਼ ਮਥੁਰਾਦਾਸ ਮਾਥੁਰ ਅਤੇ ਸੁਪਰਡੈਂਟ ਵਿਕਾਸ ਰਾਜਪੁਰੋਹਿਤ ਨੇ ਜ਼ਖਮੀਆਂ ਦੀ ਡਾਕਟਰੀ ਦੇਖਭਾਲ ਲਈ ਹਸਪਤਾਲ ਦਾ ਦੌਰਾ ਕੀਤਾ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਕਿਉਂਕਿ ਅਧਿਕਾਰੀ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸੂਚਿਤ ਕਰਨ ਲਈ ਕੰਮ ਕਰ ਰਹੇ ਹਨ।