ਕੇਜਰੀਵਾਲ ਸਭ ਤੋਂ ਵਧੀਆ ਸਿਆਸੀ ਕਲਾਕਾਰ, ਜੋ ਵੱਖ-ਵੱਖ ਸੂਬਿਆਂ ‘ਚ ਕਲਾ ਕਰਦੇ ਨੇ - ਅਨਿਲ ਵਿਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨਿਲ ਵਿੱਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਕੇਜਰੀਵਾਲ ਜੀ ਸਭ ਤੋਂ ਵਧੀਆ ਸਿਆਸੀ ਕਲਾਕਾਰ’ ਹਨ

Anil Vij and Arvind Kejriwal

ਨਵੀਂ ਦਿੱਲ਼ੀ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਕੇਜਰੀਵਾਲ ਜੀ ਸਭ ਤੋਂ ਵਧੀਆ ਸਿਆਸੀ ਕਲਾਕਾਰ’ ਹਨ, ਉਹ ਵੱਖ-ਵੱਖ ਸੂਬਿਆਂ 'ਚ ਜਾਂਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀ ਕਲਾ ਕਰਦੇ ਹਨ। ਅਨਿਲ ਵਿਜ ਕੇਜਰੀਵਾਲ ਦੀ ਤਿਰੰਗਾ ਯਾਤਰਾ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਉਹਨਾਂ ਕਿਹਾ ਕਿ “ਕੇਜਰੀਵਾਲ ਪੰਜਾਬ ਵਿਚ ਵੀ ਆ ਰਹੇ ਹਨ, ਪੰਜਾਬ ਵਿਚ ਵੀ ਸੂਬੇ ਦੇ ਹਿਸਾਬ ਨਾਲ, ਜ਼ਿਲ੍ਹੇ ਦੇ ਹਿਸਾਬ ਨਾਲ, ਵਿਧਾਨ ਸਭਾ ਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਐਕਟਿੰਗ ਕਰਨੀ ਹੁੰਦੀ ਹੈ, ਉਹ ਕਰਦੇ ਹਨ ਪਰ ਲੋਕ ਉਹਨਾਂ ਦੇ ਧੋਖੇਬਾਜ਼ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਲੋਕ ਉਹਨਾਂ ਦੀ ਗੱਲ ਨਹੀਂ ਸੁਣਨਗੇ।

ਇਕ ਹੋਰ ਸਵਾਲ ਦੇ ਜਵਾਬ 'ਚ ਅਨਿਲ ਵਿੱਜ ਨੇ ਕੇਜਰੀਵਾਲ 'ਤੇ ਤੰਜ਼ ਕੱਸਦਿਆਂ ਕਿਹਾ ਕਿ 'ਕੇਜਰੀਵਾਲ ਇਕ ਮਹਾਨ ਐਕਟਰ ਹਨ, ਜਦੋਂ ਲੋੜ ਹੁੰਦੀ ਹੈ ਰਾਮਲੀਲਾ 'ਚ ਕੇਜਰੀਵਾਲ ਜੀ ਰਾਵਣ ਦੀ ਫੌਜ ਦੇ ਕੱਪੜੇ ਪਾ ਕੇ ਆਉਂਦੇ ਹਨ ਅਤੇ ਜਦੋਂ ਲੋੜ ਹੁੰਦੀ ਹੈ ਤਾਂ ਉਹ ਰਾਮ ਜੀ ਦੀ ਫੌਜ ਦੇ ਕੱਪੜੇ ਪਾ ਕੇ ਆਉਂਦੇ ਹਨ।

ਹਰਿਆਣਾ ਵਿਚ ਕਿਸਾਨਾਂ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸਾਨਾਂ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣ ਬਾਰੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਜੋ ਗੱਲਬਾਤ ਹੋਵੇਗੀ ਅਤੇ ਜੋ ਕੇਂਦਰ ਸਰਕਾਰ ਤੋਂ ਆਦੇਸ਼ ਮਿਲਣਗੇ, ਉਸ ਅਨੁਸਾਰ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਨੇ ਅਜੇ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜੇਕਰ ਕਿਸਾਨ ਸਾਨੂੰ ਮਿਲਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਸਾਡੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲ੍ਹੇ ਹਨ।