ਮੁਅੱਤਲ IAS ਅਧਿਕਾਰੀ 'ਤੇ ED ਨੇ ਕੱਸਿਆ ਸ਼ਿਕੰਜਾ, 82.77 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੰਘਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 11 ਮਈ ਨੂੰ ਕੀਤਾ ਸੀ ਗ੍ਰਿਫਤਾਰ

photo

 

 ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁਅੱਤਲ ਆਈਏਐਸ ਅਧਿਕਾਰੀ ਪੂਜਾ ਸਿੰਘਲ ਦੀ 82.77 ਕਰੋੜ ਰੁਪਏ ਦੀਆਂ ਕਈ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਹਨ। ਪੂਜਾ ਸਿੰਘਲ ਝਾਰਖੰਡ ਕੇਡਰ ਦੀ 2000 ਬੈਚ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹੈ। ਪੂਜਾ ਸਿੰਘਲ 'ਤੇ ਝਾਰਖੰਡ 'ਚ ਮਨਰੇਗਾ ਘੁਟਾਲੇ, ਗੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਕਈ ਦੋਸ਼ ਹਨ।

ਸਿੰਘਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਾਲ 11 ਮਈ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਦੀ ਟੀਮ ਨੇ ਰਾਂਚੀ ਵਿੱਚ ਪਲਸ ਸੁਪਰ ਸਪੈਸ਼ਲਿਟੀ ਹਸਪਤਾਲ, ਪਲਸ ਡਾਇਗਨੋਸਟਿਕ ਐਂਡ ਇਮੇਜਿੰਗ ਸੈਂਟਰ ਅਤੇ ਰਾਂਚੀ ਵਿੱਚ ਸਿੰਘਲ ਦੇ ਪਤੀ ਅਭਿਸ਼ੇਕ ਮਿਸ਼ਰਾ ਦੀ ਮਲਕੀਅਤ ਵਾਲੀ ਜ਼ਮੀਨ ਦੇ ਦੋ ਪਲਾਟ ਅਟੈਚ ਕਰ ਲਏ ਹਨ। ਈਡੀ ਨੇ ਇਨ੍ਹਾਂ ਅਚੱਲ ਜਾਇਦਾਦਾਂ ਦੀ ਬਾਜ਼ਾਰੀ ਕੀਮਤ 82.77 ਕਰੋੜ ਦੇ ਕਰੀਬ ਦੱਸੀ ਹੈ।

 ਪੂਜਾ ਸਿੰਘਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 11 ਮਈ ਨੂੰ ਮਨਰੇਗਾ ਸਕੀਮ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਝਾਰਖੰਡ ਵਿੱਚ 18.06 ਕਰੋੜ ਰੁਪਏ ਦਾ ਮਨਰੇਗਾ ਘੁਟਾਲਾ ਉਸ ਸਮੇਂ ਹੋਇਆ ਜਦੋਂ ਸਿੰਘਲ ਖੁੰਟੀ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ।

ਦੱਸ ਦੇਈਏ ਕਿ ਇਸ ਸਾਲ 5 ਮਈ ਨੂੰ ਈਡੀ ਨੇ ਪੂਜਾ ਸਿੰਘਲ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਈਡੀ ਨੇ ਇੱਕ ਸੀਏ ਤੋਂ ਕਰੀਬ 19 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਈਡੀ ਨੇ ਕਈ ਦੌਰ ਦੀ ਪੁੱਛਗਿੱਛ ਤੋਂ ਬਾਅਦ ਪੂਜਾ ਸਿੰਘਲ ਨੂੰ ਗ੍ਰਿਫਤਾਰ ਕੀਤਾ। ਵੱਡੀ ਰਕਮ ਜ਼ਬਤ ਕਰਨ ਤੋਂ ਬਾਅਦ ਈਡੀ ਨੇ ਪੂਜਾ ਸਿੰਘਲ ਦੇ ਸਾਹਮਣੇ ਪੂਜਾ ਦੇ ਪਤੀ ਅਭਿਸ਼ੇਕ ਕੁਮਾਰ ਝਾਅ, ਚਾਰਟਰਡ ਅਕਾਊਂਟੈਂਟ ਸੁਮਨ ਕੁਮਾਰ ਸਿੰਘ ਤੋਂ ਇਲਾਵਾ ਖੁੰਟੀ ਜ਼ਿਲ੍ਹੇ ਦੇ ਕਈ ਇੰਜੀਨੀਅਰਾਂ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਸੀ।