Earthquake Today News: ਲੱਦਾਖ ’ਚ 8 ਘੰਟਿਆਂ ਦੌਰਾਨ ਦੋ ਵਾਰੀ ਭੂਚਾਲ ਦੇ ਝਟਕੇ
ਸਵੇਰੇ ਮਹਿਸੂਸ ਕੀਤੇ ਗਏ 3.4 ਤੀਬਰਤਾ ਦੇ ਝਟਕੇ, ਸ਼ਾਮੀਂ ਵੀ ਆਇਆ 3.7 ਤੀਬਰਤਾ ਦਾ ਭੂਚਾਲ
Earthquake in Ladakh News in Punjabi: ਸ਼ਨਿਚਰਵਾਰ ਸਵੇਰੇ ਲੱਦਾਖ ’ਚ ਅੱਜ 8 ਘੰਟਿਆਂ ਦਰਮਿਆਨ ਦੋ ਵਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਸਵੇਰੇ 8:25 ਵਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.4 ਮਾਪੀ ਗਈ। ਜਦਕਿ ਸ਼ਾਮੀਂ 4:49 ਵਜੇ ਦੂਜਾ ਭੂਚਾਲ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਦਾ ਥੋੜ੍ਹੀ ਜ਼ਿਆਦਾ 3.7 ਮਾਪੀ ਗਈ।
ਭੂਚਾਲ ਕਾਰਨ ਹੁਣ ਤਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਲੱਦਾਖ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 29 ਨਵੰਬਰ (ਬੁਧਵਾਰ) ਨੂੰ ਵੀ ਲੱਦਾਖ ਵਿਚ ਭੂਚਾਲ ਆਇਆ ਸੀ ਜਦੋਂ ਭੂਚਾਲ ਦੇ ਝਟਕੇ ਸ਼ਾਮ 6:10 ਵਜੇ ਮਹਿਸੂਸ ਕੀਤੇ ਗਏ ਸਨ।
ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.8 ਮਾਪੀ ਗਈ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪਹਾੜੀ ਇਲਾਕਿਆਂ ’ਚ ਅਜਿਹੇ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ ਕਿਉਂਕਿ ਇਹ ਇਲਾਕਾ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਵਿਚਕਾਰ ਟਕਰਾਅ ਦੀ ਸੀਮਾ ’ਤੇ ਸਥਿਤ ਹੈ, ਜੋ ਲਗਾਤਾਰ ਇਕ ਦੂਜੇ ਦੇ ਵਿਰੁੱਧ ਧੱਕਦੇ ਹਨ। ਇਸ ਕਾਰਨ ਧਰਤੀ ਦੀ ਪਰਤ ਵਿਚ ਬਹੁਤ ਜ਼ਿਆਦਾ ਤਣਾਅ ਪੈਦਾ ਹੁੰਦਾ ਹੈ, ਜਿਸ ਨਾਲ ਭੂਚਾਲ ਆਉਂਦੇ ਹਨ।
ਬੰਗਲਾਦੇਸ਼ 'ਚ ਵੀ ਆਇਆ ਭੁਚਾਲ
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਬੰਗਲਾਦੇਸ਼ ਵਿਚ ਸਵੇਰੇ 9 ਵਜੇ ਦੇ ਕਰੀਬ ਭੂਚਾਲ ਆਇਆ, ਜਿਸ ਦੇ ਝਟਕੇ ਭਾਰਤ ਦੇ ਪਛਮੀ ਬੰਗਾਲ ਤਕ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.6 ਮਾਪੀ ਗਈ।
(For more news apart from Earthquake in Ladakh, stay tuned to Rozana Spokesman)