ਨਵੀਂ ਦਿੱਲੀ : ਐਸ.ਆਈ. ਆਰ ਦੇ ਖਿਲਾਫ ਵਿਰੋਧੀ ਧਿਰ ਦਾ ਲਗਾਤਾਰ ਦੂਜੇ ਦਿਨ ਸੰਸਦ ’ਚ ਪ੍ਰਦਰਸ਼ਨ ਜਾਰੀ ਰਿਹਾ । ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸੰਸਦ ਮੈਂਬਰ ਵੈੱਲ ਤੱਕ ਪਹੁੰਚ ਗਏ । ਸਪੀਕਰ ਨੇ ਇਸ ਦੌਰਾਨ ਪ੍ਰਸ਼ਨਕਾਲ ਨੂੰ ਜਾਰੀ ਰੱਖਿਆ, ਪਰ ਵਿਰੋਧੀ ਧਿਰ ਲਗਾਤਾਰ 20 ਮਿੰਟ ਤੱਕ "ਵੋਟ ਚੋਰ - ਗੱਦੀ ਛੱਡੋ" ਦੇ ਨਾਅਰੇ ਲਗਾਉਂਦੀ ਰਹੀ।
ਇਸ ਤੋਂ ਬਾਅਦ ਕਾਰਵਾਈ ਨੂੰ 12 ਵਜੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ । ਉੱਧਰ ਰਾਜ ਸਭਾ ਵਿੱਚ ਵੀ ਵਿਰੋਧੀ ਧਿਰ ਦਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਹੈ । ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿਕ ਲੋਕਤੰਤਰ ਦੀ ਰੱਖਿਆ ਦੇ ਲਈ ਵਿਰੋਧ-ਪ੍ਰਦਰਸ਼ਨ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਸਵੇਰੇ 10:30 ਵਜੇ ਸੰਸਦ ਪਰਿਸਰ ਵਿੱਚ ਮੱਕਰ ਦੁਆਰ ਸਾਹਮਣੇ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ ਕੀਤਾ। ਉਹਨਾਂ ਦੀ ਮੰਗ ਹੈ ਕਿ ਸਰਕਾਰ ਐਸ.ਆਈ. ਆਰ. 'ਤੇ ਤੁਰੰਤ ਚਰਚਾ ਕਰੇ।
ਸੈਸ਼ਨ ਦੇ ਪਹਿਲੇ ਦਿਨ 1 ਦਸੰਬਰ ਨੂੰ ਦੋਵਾਂ ਸਦਨਾਂ ਵਿੱਚ ਐਸ.ਆਈ. ਆਰ. ਅਤੇ ਵੋਟ ਚੋਰੀ ਦੇ ਆਰੋਪਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਸੀ । ਸੰਸਦੀ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿੱਚ ਦੱਸਿਆ ਸੀ ਕਿ ਸਰਕਾਰ ਐਸ.ਆਈ. ਆਰ. ਅਤੇ ਚੋਣ ਸੁਧਾਰਾਂ 'ਤੇ ਚਰਚਾ ਲਈ ਤਿਆਰ ਹੈ । ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਇਸ 'ਤੇ ਕੋਈ ਸਮਾਂ-ਸੀਮਾ ਨਾ ਥੋਪੇ।
ਸੂਤਰਾਂ ਅਨੁਸਾਰ ਵਿਰੋਧੀ ਧਿਰ ਨੇ ਤਰਕ ਰੱਖਿਆ ਕਿ ਚਰਚੇ ਵਿੱਚ ਐਸ.ਆਈ. ਆਰ. ਸ਼ਬਦ ਦੀ ਥਾਂ ਸਰਕਾਰ ਚਾਹੇ ਤਾਂ ਇਲੈਕਟੋਰਲ ਰਿਫਾਰਮ ਜਾਂ ਕਿਸੇ ਹੋਰ ਨਾਂ ਨਾਲ ਵਿਸ਼ੇ ਨੂੰ ਕਾਰਵਾਈ ਵਿੱਚ ਸੂਚੀਬੱਧ ਕਰ ਲਵੇ । ਸਰਕਾਰ ਇਸ ਤਰਕ 'ਤੇ ਰਾਜ਼ੀ ਹੋ ਸਕਦੀ ਹੈ ਅਤੇ ਉਹ ਇਸ 'ਤੇ ਆਪਣਾ ਰੁਖ਼ ਬਿਜ਼ਨਸ ਐਡਵਾਈਜ਼ਰੀ ਕਮੇਟੀ ਵਿੱਚ ਰੱਖੇਗੀ।