ਲਖੀਮਪੁਰ ਮਾਮਲਾ:  SIT ਨੇ ਦਾਖ਼ਲ ਕੀਤੀ 5000 ਪੰਨਿਆਂ ਦੀ ਚਾਰਜਸ਼ੀਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸ਼ੀਸ਼ ਮਿਸ਼ਰਾ ਨੂੰ ਬਣਾਇਆ ਗਿਆ ਮੁੱਖ ਮੁਲਜ਼ਮ

Lakhimpur Kheri case

 

ਲਖੀਮਪੁਰ ਖੇੜੀ - ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਵਾਪਰੀ ਲਖੀਮਪੁਰ ਖੇੜੀ ਹਿੰਸਾ ਨੂੰ ਲੈ ਕੇ ਜਾਂਚ ਲਗਾਤਾਰ ਜਾਰੀ ਹੈ। ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਐੱਸ. ਆਈ. ਟੀ. ਟੀਮ ਨੇ ਅੱਜ ਨੂੰ ਕਰੀਬ 5,000 ਪੰਨਿਆਂ ਦੀ ਚਾਰਜਸ਼ੀਟ ਅਦਾਲਤ ’ਚ ਦਾਖ਼ਲ ਕੀਤੀ ਹੈ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਉਸ ਨੂੰ ਇਸ ਮਾਮਲੇ ਵਿਚ ਮੁੱਖ ਦੋਸ਼ੀ ਬਣਾਇਆ ਗਿਆ ਸੀ।

ਇਸ ਤੋਂ ਇਲਾਵਾ ਮਾਮਲੇ ਵਿਚ ਦੋਸ਼ੀਆਂ ਦੀ ਗਿਣਤੀ 14 ਹੋ ਗਈ ਹੈ, ਕਿਉਂਕਿ ਚਾਰਜਸ਼ੀਟ ਵਿਚ ਇਕ ਹੋਰ ਨਾਂ ਜੋੜਿਆ ਗਿਆ ਹੈ, ਜਿਸ ਦਾ ਨਾਮ ਵਰਿੰਦਰ ਸ਼ੁੱਕਲਾ ਹੈ। ਉਸ ’ਤੇ ਆਈ. ਪੀ. ਸੀ. ਦੀ ਧਾਰਾ 201 ਤਹਿਤ ਦੋਸ਼ ਲਗਾਇਆ ਗਿਆ ਹੈ। ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਦੇ ਵਕੀਲ ਨੇ ਕਿਹਾ ਕਿ ਚਾਰਜਸ਼ੀਟ ਵਿਚ ਮੰਤਰੀ ਅਜੈ ਮਿਸ਼ਰਾ ਦਾ ਨਾਂ ਸ਼ਾਮਲ ਕਰਨ ਲਈ ਅਰਜ਼ੀ ਦਿੱਤੀ ਗਈ ਸੀ ਪਰ ਚਾਰਜਸ਼ੀਟ ਵਿਚ ਅਜੇ ਮਿਸ਼ਰਾ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਹਿੰਸਾ ਦੀ ਘਟਨਾ ’ਚ ਕੁੱਲ 8 ਲੋਕ ਮਾਰੇ ਗਏ ਸਨ। ਇਹ ਘਟਨਾ 3 ਅਕਤੂਬਰ ਨੂੰ ਵਿਵਾਦਪੂਰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਮਰਨ ਵਾਲਿਆਂ ਵਿਚ 4 ਕਿਸਾਨ, 1 ਪੱਤਰਕਾਰ, 2 ਭਾਜਪਾ ਵਰਕਰ ਅਤੇ 1 ਡਰਾਈਵਰ ਸ਼ਾਮਲ ਸੀ। ਇਸ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਅਤੇ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਸਮੇਤ ਕੁੱਲ 13 ਲੋਕ ਦੋਸ਼ੀ ਹਨ। ਤਿੰਨੋਂ ਐੱਸ. ਯੂ. ਵੀ. ਦੇ ਡਰਾਈਵਰ ਅਤੇ ਮਿਸ਼ਰਾ ਤੇ ਦਾਸ ਦੇ ਸਹਿਯੋਗੀਆਂ ਸਮੇਤ ਸਾਰੇ 13 ਦੋਸ਼ੀ ਗ੍ਰਿਫ਼ਤਾਰ ਹਨ। ਫ਼ਿਲਹਾਲ ਲਖੀਮਪੁਰ ਖੇੜੀ ਹਿੰਸਾ ਦੇ ਦੋਸ਼ੀ ਜੇਲ੍ਹ ’ਚ ਬੰਦ ਹਨ।