PAK ਸਰਹੱਦ ਨੇੜੇ BSF ਲਈ ਬਣਾਇਆ ਜਾ ਰਿਹਾ ਹੈ 8 ਮੰਜ਼ਿਲਾ ਸਥਾਈ ਬੰਕਰ, ਗ੍ਰਹਿ ਮੰਤਰਾਲੇ ਨੇ 50 ਕਰੋੜ ਰੁਪਏ ਦੀ ਦਿੱਤੀ ਮਨਜ਼ੂਰੀ
ਬੰਕਰ ਖਾੜੀ ਖੇਤਰ ਦੇ ਪੂਰਬੀ ਪਾਸੇ ਭਾਰਤੀ ਖੇਤਰ ਵਿੱਚ ਲਖਪਤ ਵਾੜੀ ਬੇਟ, ਦਫਾ ਬੇਟ ਅਤੇ ਸਮੁੰਦਰ ਬੇਟ ਵਿੱਚ ਬਣਾਏ ਜਾ ਰਹੇ ਹਨ
ਗੁਜਰਾਤ - ਭਾਰਤ-ਪਾਕਿਸਤਾਨ ਸਰਹੱਦ ਨੇੜੇ ਗੁਜਰਾਤ ਵਿੱਚ ਬੀਐਸਐਫ ਜਵਾਨਾਂ ਲਈ ਇੱਕ ਸਥਾਈ ਬੰਕਰ ਬਣਾਇਆ ਜਾ ਰਿਹਾ ਹੈ। ਪਹਿਲੀ ਵਾਰ ਭਾਰਤ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਰ ਕਰੀਕ ਅਤੇ ਹਰਾਮੀ ਨਾਲਾ ਦਲਦਲ ਖੇਤਰਾਂ ਵਿੱਚ ਨਿਗਰਾਨੀ ਲਈ ਸਥਾਈ ਕੰਕਰੀਟ ਬੰਕਰ ਬਣਾ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨੀ ਮਛੇਰਿਆਂ ਅਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੀ ਭਾਰਤੀ ਖੇਤਰ ਵਿੱਚ ਲਗਾਤਾਰ ਘੁਸਪੈਠ ਕਾਰਨ ਭੁਜ ਸੈਕਟਰ ਵਿੱਚ ਅੱਠ ਬਹੁ-ਮੰਜ਼ਿਲਾ ਬੰਕਰਾਂ ਦੇ ਨਿਰਮਾਣ ਲਈ 50 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਸੂਤਰਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ 4,050 ਵਰਗ ਕਿਲੋਮੀਟਰ ਦੇ ਦਲਦਲੀ ਸਰ ਕ੍ਰੀਕ ਖੇਤਰ 'ਚ ਪਿਲੋਨ ਦੇ ਆਕਾਰ ਦੇ ਤਿੰਨ ਟਾਵਰ ਬਣਾਏ ਜਾਣਗੇ। ਜਦੋਂ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਵੱਲੋਂ 900 ਵਰਗ ਕਿਲੋਮੀਟਰ ਵਿੱਚ ਫੈਲੇ ਹਰਾਮੀ ਨਾਲਾ ਖੇਤਰ ਵਿੱਚ ਪੰਜ ਸਥਾਈ ਉਸਾਰੀਆਂ ਕੀਤੀਆਂ ਜਾਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ 42 ਫੁੱਟ ਉੱਚੇ ਬੰਕਰਾਂ ਦੀ ਉਪਰਲੀ ਮੰਜ਼ਿਲ 'ਤੇ ਨਿਗਰਾਨੀ ਉਪਕਰਣ ਅਤੇ ਰਾਡਾਰ ਲਗਾਏ ਜਾਣਗੇ। ਬਾਕੀ ਦੀਆਂ ਦੋ ਮੰਜ਼ਿਲਾਂ 15 ਹਥਿਆਰਬੰਦ ਬੀਐਸਐਫ ਦੇ ਜਵਾਨਾਂ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਮਾਲ ਅਸਬਾਬ ਲਈ ਹੋਣਗੀਆਂ।
ਅਧਿਕਾਰੀਆਂ ਮੁਤਾਬਕ ਇਹ ਬੰਕਰ ਖਾੜੀ ਖੇਤਰ ਦੇ ਪੂਰਬੀ ਪਾਸੇ ਭਾਰਤੀ ਖੇਤਰ ਵਿੱਚ ਲਖਪਤ ਵਾੜੀ ਬੇਟ, ਦਫਾ ਬੇਟ ਅਤੇ ਸਮੁੰਦਰ ਬੇਟ ਵਿੱਚ ਬਣਾਏ ਜਾ ਰਹੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, ਬੀਐਸਐਫ ਨੇ 2022 ਵਿੱਚ ਗੁਜਰਾਤ ਦੇ ਇਸ ਖੇਤਰ ਤੋਂ 22 ਪਾਕਿਸਤਾਨੀ ਮਛੇਰਿਆਂ ਨੂੰ ਫੜਿਆ ਹੈ ਅਤੇ 79 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੇ ਨਾਲ-ਨਾਲ 250 ਕਰੋੜ ਰੁਪਏ ਦੀ ਹੈਰੋਇਨ ਅਤੇ 2.49 ਕਰੋੜ ਰੁਪਏ ਦੀ ਚਰਸ ਬਰਾਮਦ ਕੀਤੀ ਹੈ।