ਦਿੱਲੀ ਦੇ ਕੰਝਾਵਲਾ ਮਾਮਲੇ 'ਚ ਆਇਆ ਨਵਾਂ ਮੋੜ, ਘਟਨਾ ਸਮੇਂ ਮ੍ਰਿਤਕਾ ਨਾਲ ਸੀ ਉਸ ਦੀ ਸਹੇਲੀ; ਕਈ ਕਿਲੋਮੀਟਰ ਤਕ ਕਾਰ ਘੜੀਸਦੀ ਗਈ ਲਾਸ਼
ਟੱਕਰ ਤੋਂ ਬਾਅਦ ਮ੍ਰਿਤਕਾ ਕਾਰ ਵਿੱਚ ਫਸ ਗਈ ਅਤੇ ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ
ਨਵੀਂ ਦਿੱਲੀ: ਦਿੱਲੀ ਦੇ ਕਾਂਝਵਾਲਾ ਹਿੱਟ ਐਂਡ ਰਨ ਮਾਮਲੇ 'ਚ ਹੁਣ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਨੂੰ ਜਾਂਚ 'ਚ ਪਤਾ ਲੱਗਾ ਹੈ ਕਿ ਪੀੜਤਾ ਆਪਣੀ ਸਹੇਲੀ ਦੇ ਨਾਲ ਸਕੂਟੀ 'ਤੇ ਸਵਾਰ ਸੀ। ਟੱਕਰ ਤੋਂ ਬਾਅਦ ਮ੍ਰਿਤਕਾ ਕਾਰ ਵਿੱਚ ਫਸ ਗਈ ਅਤੇ ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਪਹਿਲਾਂ 4 ਕਿਲੋਮੀਟਰ ਘਸੀਟਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ। ਹਾਦਸੇ ਤੋਂ ਬਾਅਦ ਸਕੂਟੀ 'ਤੇ ਸਵਾਰ ਦੂਜੀ ਲੜਕੀ ਮੌਕੇ ਤੋਂ ਫਰਾਰ ਹੋ ਗਈ। ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਅੱਜ ਉਸ ਦੇ ਬਿਆਨ ਦਰਜ ਕਰੇਗੀ।
ਪੁਲਿਸ ਨੇ ਇਹ ਖੁਲਾਸਾ ਰੋਹਿਣੀ ਇਲਾਕੇ ਦੇ ਇੱਕ ਹੋਟਲ ਦੇ ਸਾਹਮਣੇ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕੀਤਾ ਹੈ। ਇਸ 'ਚ ਮ੍ਰਿਤਕਾ ਆਪਣੀ ਸਹੇਲੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਵੇਂ ਸਕੂਟੀ 'ਤੇ ਚਲੀਆਂ ਗਈਆਂ।
ਇਸ ਦੌਰਾਨ ਉਸ ਹੋਟਲ ਦੇ ਕਰਮਚਾਰੀ ਨੇ ਦੱਸਿਆ ਕਿ ਪੀੜਤਾ ਦੇ ਨਾਲ ਉਸ ਦੀ ਸਹੇਲੀ ਵੀ ਆਈ ਸੀ। ਦੋਵਾਂ ਨੇ ਦਸਤਾਵੇਜ਼ ਦੇ ਕੇ ਕਮਰਾ ਬੁੱਕ ਕਰਵਾਇਆ ਸੀ। ਕੁਝ ਮੁੰਡੇ ਵੀ ਆਏ, ਉਨ੍ਹਾਂ ਨੇ ਵੱਖਰਾ ਕਮਰਾ ਬੁੱਕ ਕਰਵਾ ਲਿਆ। ਇਸ ਤੋਂ ਬਾਅਦ ਲੜਕੀਆਂ ਦੇ ਕਮਰੇ 'ਚ ਗਏ ਅਤੇ ਕਰੀਬ 5 ਮਿੰਟ ਤੱਕ ਉਥੇ ਰਹੇ।
ਹੋਟਲ ਸਟਾਫ ਨੇ ਦੱਸਿਆ ਕਿ ਕਮਰੇ 'ਚੋਂ ਲੜਾਈ ਦੀ ਆਵਾਜ਼ ਆ ਰਹੀ ਸੀ ਅਤੇ ਉਹ ਇਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ। ਸਾਡੇ ਮੈਨੇਜਰ ਨੇ ਸਾਰਿਆਂ ਨੂੰ ਝਗੜਾ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਦੋਵੇਂ ਲੜਕੀਆਂ ਲੜਦੀਆਂ ਹੋਈਆਂ ਨਿਕਲ ਗਈਆਂ। ਉਹ ਹੋਟਲ ਦੇ ਬਾਹਰ ਕਾਫੀ ਦੇਰ ਤੱਕ ਲੜਦੀਆਂ ਰਹੀਆਂ, ਜੋ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ। ਫੁਟੇਜ ਬੀਤੀ ਸ਼ਾਮ ਪੁਲਿਸ ਨੂੰ ਦੇ ਦਿੱਤੀ ਗਈ।
ਇਹ ਘਟਨਾ 31 ਦਸੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਕਾਂਝਵਾਲਾ ਇਲਾਕੇ 'ਚ ਵਾਪਰੀ। ਇੱਕ 20 ਸਾਲਾ ਲੜਕੀ ਨੂੰ ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਸਮੇਤ ਫਰਾਰ ਹੋ ਗਏ। ਲੜਕੀ ਕਾਰ ਦੇ ਹੇਠਾਂ ਹੀ ਫਸੀ ਰਹੀ। ਪੁਲਿਸ ਅਨੁਸਾਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ 'ਚ ਸਨ ਜਾਂ ਨਹੀਂ। ਮ੍ਰਿਤਕਾ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕੀਤਾ ਜਾ ਸਕਦਾ ਹੈ।