Madhya Pradesh: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਡਰਾਈਵਰ ਦੀ ਔਕਾਤ 'ਤੇ ਸਵਾਲ ਚੁੱਕਣ ਵਾਲੇ ਕਲੈਕਟਰ ਦਾ ਕੀਤਾ ਤਬਾਦਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਦਫ਼ਤਰ (ਸੀਐਮਓ) ਮੁਤਾਬਕ ਯਾਦਵ ਦੇ ਨਿਰਦੇਸ਼ਾਂ 'ਤੇ ਕਨਿਆਲ ਨੂੰ ਸ਼ਾਜਾਪੁਰ ਕਲੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

File Photo

Madhya Pradesh: ਭੋਪਾਲ - ਮੱਧ ਪ੍ਰਦੇਸ਼ ਸਰਕਾਰ ਨੇ ਸ਼ਾਜਾਪੁਰ ਦੇ ਜ਼ਿਲ੍ਹਾ ਕੁਲੈਕਟਰ ਕਿਸ਼ੋਰ ਕਨਿਆਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਜਿਨ੍ਹਾਂ ਨੇ ਟਰੱਕ ਡਰਾਈਵਰਾਂ ਦੇ ਵਿਰੋਧ ਦੌਰਾਨ ਇਕ ਡਰਾਈਵਰ ਦੀ ਔਕਾਤ 'ਤੇ ਸਵਾਲ ਖੜ੍ਹੇ ਕੀਤੇ ਸਨ। ਮੁੱਖ ਮੰਤਰੀ ਮੋਹਨ ਯਾਦਵ ਨੇ ਬੁੱਧਵਾਰ ਨੂੰ ਕਨਿਆਲ ਨੂੰ ਕੁਲੈਕਟਰ ਦੇ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਅਜਿਹੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਮੁੱਖ ਮੰਤਰੀ ਦਫ਼ਤਰ (ਸੀਐਮਓ) ਮੁਤਾਬਕ ਯਾਦਵ ਦੇ ਨਿਰਦੇਸ਼ਾਂ 'ਤੇ ਕਨਿਆਲ ਨੂੰ ਸ਼ਾਜਾਪੁਰ ਕਲੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਬੁੱਧਵਾਰ ਨੂੰ ਕਨਿਆਲ ਨੂੰ ਸੂਬੇ ਦੇ ਡਿਪਟੀ ਸਕੱਤਰ ਦੇ ਅਹੁਦੇ 'ਤੇ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ। ਨਰਸਿੰਘਪੁਰ ਕਲੈਕਟਰ ਰਿਜੂ ਬਾਫਨਾ ਨੂੰ ਸ਼ਾਜਾਪੁਰ ਦਾ ਨਵਾਂ ਕਲੈਕਟਰ ਬਣਾਇਆ ਗਿਆ ਹੈ।

ਕਨਿਆਲ ਨੇ ਮੰਗਲਵਾਰ ਨੂੰ ਡਰਾਈਵਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਆਪਣਾ ਆਪਾ ਗੁਆ ਦਿੱਤਾ ਅਤੇ ਬਾਅਦ ਵਿਚ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਅਫ਼ਸੋਸ ਹੈ। ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਯਾਦਵ ਨੇ ਕਿਹਾ ਕਿ ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅਸੀਂ ਗਰੀਬਾਂ ਦੇ ਵਿਕਾਸ ਲਈ ਕੰਮ ਕਰਦੇ ਹਾਂ। ਅਧਿਕਾਰੀ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸ ਨੂੰ ਗਰੀਬਾਂ ਦੇ ਕੰਮ ਅਤੇ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਡੀ ਸਰਕਾਰ ਵਿਚ ਇਸ ਤਰ੍ਹਾਂ ਦੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਯਾਦਵ ਨੇ ਕਿਹਾ ਕਿ ਉਹ ਖ਼ੁਦ ਇੱਕ ਮਜ਼ਦੂਰ ਦਾ ਪੁੱਤਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਜਿਹੀ ਭਾਸ਼ਾ ਬੋਲਣ ਵਾਲੇ ਅਧਿਕਾਰੀ ਫੀਲਡ ਤਾਇਨਾਤੀ ਦੇ ਯੋਗ ਨਹੀਂ ਹਨ। ਮੈਨੂੰ ਉਮੀਦ ਹੈ ਕਿ ਉਥੇ ਤਾਇਨਾਤ ਅਧਿਕਾਰੀ (ਸ਼ਾਜਾਪੁਰ ਕੁਲੈਕਟਰ ਵਜੋਂ) ਅਜਿਹਾ ਵਿਵਹਾਰ ਨਹੀਂ ਕਰਨਗੇ। ਮੈਂ ਇਸ ਤੋਂ ਦੁਖੀ ਹਾਂ।'' ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇੱਕ ਵੀਡੀਓ ਕਲਿੱਪ ਵਿਚ, ਜਦੋਂ ਡਰਾਈਵਰਾਂ ਦੇ ਇੱਕ ਨੁਮਾਇੰਦੇ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਗੱਲ ਕਰਨ ਲਈ ਕਿਹਾ ਤਾਂ ਕੁਲੈਕਟਰ ਡਰਾਈਵਰਾਂ ਅਤੇ ਹੋਰਾਂ ਨੂੰ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ ਲਈ ਕਹਿ ਰਿਹਾ ਹੈ।   

ਇਸ 'ਤੇ ਕਨਿਆਲ ਨੇ ਗੁੱਸੇ 'ਚ ਆ ਕੇ ਸਬੰਧਤ ਵਿਅਕਤੀ ਨੂੰ ਪੁੱਛਿਆ ਕਿ ''ਤੁਸੀਂ ਕੀ ਕਰੋਗੇ, ਤੁਹਾਡਾ ਰੁਤਬਾ ਕੀ ਹੈ।'' ਇਸ ਦੇ ਜਵਾਬ 'ਚ ਉਕਤ ਵਿਅਕਤੀ ਨੇ ਕਿਹਾ ਕਿ ਉਹ ਇਹ ਲੜਾਈ ਇਸ ਲਈ ਲੜ ਰਹੇ ਹਨ ਕਿਉਂਕਿ ਉਨ੍ਹਾਂ ਦੀ ਕੋਈ ਔਕਾਤ (ਸਮਾਜਿਕ ਵੱਕਾਰ) ਨਹੀਂ ਹੈ। ਇਸ ਤੋਂ ਬਾਅਦ ਇਕ ਪੁਲਿਸ ਕਰਮਚਾਰੀ ਨੇ ਉਕਤ ਵਿਅਕਤੀ ਨੂੰ ਉਥੋਂ ਹਟਾ ਦਿੱਤਾ। ਕਨਿਆਲ ਨੇ ਬਾਅਦ ਵਿਚ ਜ਼ਿਲ੍ਹਾ ਕੁਲੈਕਟਰ ਦੇ ਅਧਿਕਾਰਤ 'ਐਕਸ' ਖਾਤੇ 'ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਲਗਭਗ 250 ਟਰੱਕ ਅਤੇ ਬੱਸ ਡਰਾਈਵਰਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਨ੍ਹਾਂ ਵਿਚੋਂ ਕਈਆਂ ਨੇ ਹੰਗਾਮਾ ਕੀਤਾ ਅਤੇ ਵਿਰੋਧ ਕੀਤਾ। 

ਉਨ੍ਹਾਂ ਕਿਹਾ ਕਿ ''ਇਹ ਮੀਟਿੰਗ ਉਨ੍ਹਾਂ ਦੇ ਮੁੱਦੇ ਜਮਹੂਰੀ ਤਰੀਕੇ ਨਾਲ ਉਠਾਉਣ ਲਈ ਰੱਖੀ ਗਈ ਸੀ ਪਰ ਇਕ ਡਰਾਈਵਰ ਦੂਜਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ, ਜਿਸ ਕਾਰਨ ਮੈਂ ਇਹ ਸ਼ਬਦ ਵਰਤੇ।'' ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਫਸੋਸ ਪ੍ਰਗਟ ਕਰਦਾ ਹਾਂ।'' ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

(For more news apart from Madhya Pradesh News, stay tuned to Rozana Spokesman)