CBI News: ਸੀਬੀਆਈ ਨੇ ਅਪਣੇ ਹੀ ਡੀਐਸਪੀ ਵਿਰੁਧ ਦਰਜ ਕੀਤਾ ਕੇਸ
CBI News: ਲੋਕਾਂ ਤੋਂ ‘ਨਾਜਾਇਜ਼ ਲਾਭ’ ਲੈਣ ਦੇ ਦੋਸ਼ ’ਚ ਕੀਤੀ ਕਾਰਵਾਈ
CBI files case against its own DSP: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮੁੰਬਈ ਵਿਚ ਬੈਂਕ ਸੁਰੱਖਿਆ ਅਤੇ ਧੋਖਾਧੜੀ ਸ਼ਾਖਾ ਵਿਚ ਤਾਇਨਾਤ ਅਪਣੇ ਹੀ ਇਕ ਡਿਪਟੀ ਸੁਪਰਡੈਂਟ (ਡੀ. ਐੱਸ. ਪੀ.) ਵਿਰੁਧ ਉਨ੍ਹਾਂ ਲੋਕਾਂ ਤੋਂ ‘ਨਾਜਾਇਜ਼ ਲਾਭ’ ਲੈਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ ਜਿਨ੍ਹਾਂ ਦੀ ਉਸ ਨੇ ਜਾਂਚ ਕੀਤੀ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਅਨੁਸਾਰ ਸੀਬੀਆਈ ਵਲੋਂ ਡੀਐਸਪੀ ਬੀਐਮ ਮੀਨਾ ਵਿਰੁਧ ਦਰਜ ਕਰਵਾਈ ਗਈ ਐਫ਼ਆਈਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਉਹ ਖਾਤਿਆਂ ਦੇ ਨੈੱਟਵਰਕ ਅਤੇ ਹਵਾਲਾ ਚੈਨਲ ਰਾਹੀਂ ਰਿਸ਼ਵਤ ਦੇ ਪੈਸੇ ਦਾ ਲੈਣ-ਦੇਣ ਕਰਨ ਲਈ ਵਿਚੋਲਿਆਂ ਦੀ ਸੇਵਾ ਦਾ ਇਸਤੇਮਾਲ ਕਰ ਰਿਹਾ ਸੀ।
ਡੀਐਸਪੀ ਮੀਨਾ ’ਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਤਫ਼ਤੀਸ਼ ਦੇ ਘੇਰੇ ਵਿਚ ਆਏ ਵੱਖ-ਵੱਖ ਵਿਅਕਤੀਆਂ ਤੋਂ ਨਾਜਾਇਜ਼ ਤੌਰ ’ਤੇ ਮਨਮਰਜ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਭ੍ਰਿਸ਼ਟਾਚਾਰ ਅਤੇ ਹੋਰ ਦੁਰਵਿਹਾਰ ਪ੍ਰਤੀ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਂਦੀ ਹੈ ਅਤੇ ਦੋਸ਼ੀ ਅਧਿਕਾਰੀਆਂ ਵਿਰੁਧ ਤੁਰੰਤ ਕਾਰਵਾਈ ਕਰਦੀ ਹੈ।
ਸੀਬੀਆਈ ਦੇ ਬੁਲਾਰੇ ਨੇ ਦਸਿਆ ਕਿ ਮੀਨਾ ਦੇ ਮਾਮਲੇ ਵਿਚ ਸੀਬੀਆਈ ਨੇ ਜੈਪੁਰ, ਕੋਲਕਾਤਾ, ਮੁੰਬਈ ਅਤੇ ਨਵੀਂ ਦਿੱਲੀ ਵਿਚ 20 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ਵਿਚ ਕਥਿਤ ਤੌਰ ’ਤੇ ਹਵਾਲਾ ਰਾਹੀਂ ਭੇਜੇ ਗਏ 55 ਲੱਖ ਰੁਪਏ ਜ਼ਬਤ ਕੀਤੇ ਗਏ।