ਦੂਸ਼ਿਤ ਪਾਣੀ ਮਾਮਲੇ ਵਿੱਚ ਇੰਦੌਰ ਦੇ ਅਧਿਕਾਰੀਆਂ ਨੇ ਕੈਗ ਦੀ ਰਿਪੋਰਟ ਨੂੰ ਨਜ਼ਰਅੰਦਾਜ਼ ਕੀਤਾ : ਐਨ.ਜੀ.ਓ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'2013 ਤੋਂ 2018 ਦਰਮਿਆਨ ਇੰਦੌਰ ਅਤੇ ਭੋਪਾਲ ’ਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 5.45 ਲੱਖ ਮਾਮਲੇ ਸਾਹਮਣੇ ਆਏ'

Indore officials ignored CAG report in polluted water case: NGO

ਇੰਦੌਰ : ਇਕ ਗ਼ੈਰ-ਸਰਕਾਰੀ ਸੰਗਠਨ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਇੰਦੌਰ ’ਚ ਪਾਣੀ ਦੇ ਦੂਸ਼ਿਤ ਹੋਣ ਨਾਲ ਹੋਈਆਂ ਮੌਤਾਂ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ 2019 ਦੀ ਰੀਪੋਰਟ ਉਤੇ ਅੱਖਾਂ ਮੀਟਣ ਦਾ ਨਤੀਜਾ ਹਨ। ਐਨ.ਜੀ.ਓ. ਮੁਤਾਬਕ ਕੈਗ ਦੀ ਰੀਪੋਰਟ ’ਚ ਦੇਸ਼ ਦੇ ਸੱਭ ਤੋਂ ਸਾਫ ਸੁਥਰੇ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ’ਚ ਬੇਨਿਯਮੀਆਂ ਬਾਰੇ ਗੰਭੀਰ ਖੁਲਾਸੇ ਕੀਤੇ ਗਏ ਹਨ।

ਮੱਧ ਪ੍ਰਦੇਸ਼ ਦੇ ਜਨ ਸਿਹਤ ਅਭਿਆਨ ਦੀ ਕਨਵੀਨਰ ਅਮੂਲਿਆ ਨਿਧੀ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਹ ਮੌਤਾਂ ‘ਲੰਮੇ ਸਮੇਂ ਤੋਂ ਜਾਣੀਆਂ ਜਾਂਦੀਆਂ ਪ੍ਰਣਾਲੀਗਤ ਕਮਜ਼ੋਰੀਆਂ’ ਦਾ ਨਤੀਜਾ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਹਿਰ ਦੇ ਭਗੀਰਥਪੁਰਾ ’ਚ ਪੀਣ ਵਾਲੇ ਪਾਣੀ ਨਾਲ ਦਸਤ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਕੈਗ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਨਿਧੀ ਨੇ ਕਿਹਾ ਕਿ ਸਾਲ 2013 ਤੋਂ 2018 ਦਰਮਿਆਨ ਇੰਦੌਰ ਅਤੇ ਭੋਪਾਲ ’ਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 5.45 ਲੱਖ ਮਾਮਲੇ ਸਾਹਮਣੇ ਆਏ ਹਨ, ਕਿਉਂਕਿ ਇੰਦੌਰ ’ਚ 5.33 ਲੱਖ ਅਤੇ ਭੋਪਾਲ ’ਚ 3.62 ਲੱਖ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੋਹਾਂ ਸ਼ਹਿਰਾਂ ਤੋਂ ਇਕੱਠੇ ਕੀਤੇ ਗਏ 4,481 ਪਾਣੀ ਦੇ ਨਮੂਨੇ ਖਪਤ ਦੇ ਯੋਗ ਨਹੀਂ ਪਾਏ ਗਏ ਸਨ। ਨਿਧੀ ਨੇ ਕਿਹਾ ਕਿ ਰੀਪੋਰਟ ਮੁਤਾਬਕ ਦੋਹਾਂ ਸ਼ਹਿਰਾਂ ’ਚ ਨਗਰ ਨਿਗਮਾਂ ਦੀਆਂ ਜਲ ਸਪਲਾਈ ਪਾਈਪਲਾਈਨਾਂ ’ਚ ਲੀਕ ਹੋਣ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਹੱਲ ਕਰਨ ’ਚ 22 ਤੋਂ 108 ਦਿਨਾਂ ਦਾ ਸਮਾਂ ਲੱਗਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐਨ.ਜੀ.ਓ. ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਅਨੁਰਾਗ ਜੈਨ ਨੂੰ ਚਿੱਠੀ ਲਿਖ ਕੇ ‘ਕੈਗ’ ਦੇ ਨਤੀਜਿਆਂ ਦੇ ਆਧਾਰ ਉਤੇ ਸੂਬੇ ਦੀ ਪੀਣ ਵਾਲੇ ਪਾਣੀ ਦੀ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਇੰਦੌਰ ਦੇ ਮੇਅਰ ਪੁਸ਼ਿਆਮਿੱਤਰ ਭਾਰਗਵ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਵਾਇਰਸ ਕਾਰਨ 10 ਮਰੀਜ਼ਾਂ ਦੀ ਮੌਤ ਦੀ ਜਾਣਕਾਰੀ ਹੈ। ਸਥਾਨਕ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਵਿਚ ਛੇ ਮਹੀਨਿਆਂ ਦੇ ਬੱਚੇ ਸਮੇਤ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। (ਪੀਟੀਆਈ)