ਹਵਾਈ ਅੱਡੇ 'ਤੇ ਰਨਵੇਅ ਤੋਂ ਫਿਸਲਿਆ ਯਾਤਰੀਆਂ ਦਾ ਜਹਾਜ਼, ਘਬਰਾਏ ਯਾਤਰੀ
ਘਾਹ ਵਾਲੇ ਖੇਤਰ ਵਿਚ ਰੁਕਣ ਕਾਰਨ ਟਲਿਆ ਵੱਡਾ ਹਾਦਸਾ
ਨੇਪਾਲ ਤੋਂ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਭਦਰਪੁਰ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਬੁੱਧ ਏਅਰ ਦਾ ਇੱਕ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਲਗਭਗ 200 ਮੀਟਰ ਦੂਰ ਘਾਹ ਵਾਲੇ ਖੇਤਰ ਵਿੱਚ ਆ ਕੇ ਰੁਕ ਗਿਆ।
ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 51 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਰਿਪੋਰਟਾਂ ਅਨੁਸਾਰ, ਨੇੜੇ ਹੀ ਇੱਕ ਨਦੀ ਸੀ, ਅਤੇ ਜੇਕਰ ਜਹਾਜ਼ ਨਾ ਰੁਕਦਾ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ।
ਜਹਾਜ਼ ਕਾਠਮੰਡੂ ਤੋਂ ਉਡਾਣ ਭਰ ਰਿਹਾ ਸੀ। ਬੁੱਧ ਏਅਰ ਦੀ ਉਡਾਣ ਨੰਬਰ 901 ਰਾਤ 8:23 ਵਜੇ ਕਾਠਮੰਡੂ ਤੋਂ ਰਵਾਨਾ ਹੋਈ। ਪਾਇਲਟ ਕੈਪਟਨ ਸ਼ੈਲੇਸ਼ ਲਿੰਬੂ ਸਨ। ਜਹਾਜ਼ ਰਾਤ 9:08 ਵਜੇ ਦੇ ਕਰੀਬ ਭਦਰਪੁਰ ਹਵਾਈ ਅੱਡੇ 'ਤੇ ਉਤਰਿਆ।
ਲੈਂਡਿੰਗ ਦੌਰਾਨ, ਜਹਾਜ਼ ਆਪਣਾ ਸੰਤੁਲਨ ਗੁਆ ਬੈਠਾ, ਰਨਵੇਅ ਪਾਰ ਕਰਦਾ ਹੋਇਆ ਘਾਹ ਵਾਲੇ ਮੈਦਾਨ ਵਿੱਚ ਰੁਕ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ਦੇ ਰਨਵੇਅ ਤੋਂ ਬਾਹਰ ਨਿਕਲਦੇ ਹੀ ਯਾਤਰੀਆਂ ਘਬਰਾ ਗਏ, ਪਰ ਪਾਇਲਟ ਦੀ ਸੂਝ-ਬੂਝ ਕਾਰਨ ਕਿਸੇ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਝਾਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਸ਼ਿਵਰਾਮ ਗੇਲਾਲ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।