ਅਦਾਲਤ ਨੇ ਪ੍ਰੋਫ਼ੈਸਰ ਦੀ ਗ੍ਰਿਫ਼ਤਾਰੀ ਨੂੰ ਨਾਜਾਇਜ਼ ਦਸਿਆ, ਰਿਹਾਈ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਸ਼ਨ ਅਦਾਲਤ ਨੇ ਦਲਿਤ ਸਿਖਿਆ ਮਾਹਰ ਆਨੰਦ ਤੇਲਟੁੰਬੜੇ ਦੀ ਐਲਗਾਰ-ਪਰਿਸ਼ਦ ਮਾਮਲੇ ਵਿਚ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਦਸਿਆ ਹੈ......

Court terms Anand Teltumbde's arrest illegal, orders release

ਪੁਣੇ  : ਸੈਸ਼ਨ ਅਦਾਲਤ ਨੇ ਦਲਿਤ ਸਿਖਿਆ ਮਾਹਰ ਆਨੰਦ ਤੇਲਟੁੰਬੜੇ ਦੀ ਐਲਗਾਰ-ਪਰਿਸ਼ਦ ਮਾਮਲੇ ਵਿਚ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਦਸਿਆ ਹੈ ਅਤੇ ਹੁਕਮ ਦਿਤੇ ਕਿ ਉਸ ਨੂੰ ਤੁਰਤ ਰਿਹਾ ਕੀਤਾ ਜਾਵੇ। ਅਦਾਲਤ ਦੇ ਇਸ ਹੁਕਮ ਨਾਲ ਪੁਣੇ ਪੁਲਿਸ ਨੂੰ ਅਸਹਿਜ ਹਾਲਤ ਦਾ ਸਾਹਮਣਾ ਕਰਨਾ ਪਿਆ। ਵਧੀਕ ਸੈਸ਼ਨ ਜੱਜ ਕਿਸ਼ੋਰ ਵਡਾਨੇ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 11 ਫ਼ਰਵਰੀ ਤਕ ਗ੍ਰਿਫ਼ਤਾਰ ਤੋਂ ਛੋਟ ਦਿਤੀ ਹੋਈ ਹੈ ਤਾਕਿ ਉਹ ਕਾਨੂੰਨ ਰਾਹਤ ਲਈ ਸਮਰੱਥ ਅਧਿਕਾਰ ਸਾਹਮਣੇ ਜਾ ਸਕਣ। ਅਦਾਲਤ ਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਛੋਟ ਦਿਤੇ ਜਾਣ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕਰਨਾ ਗ਼ੈਰਕਾਨੂੰਨੀ ਹੈ।

ਇਸ ਤੋਂ ਪਹਿਲਾਂ ਪੁਣੇ ਪੁਲਿਸ ਨੇ ਐਲਗਾਰ-ਪਰਿਸ਼ਦ ਮਾਉਵਾਦੀ ਸਬੰਧ ਮਾਮਲੇ ਵਿਚ ਦਲਿਤ ਸਿਖਿਆ ਮਾਹਰ ਆਨੰਦ ਤੇਲਟੁੰਬੜੇ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦਸਿਆ ਕਿ ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਪ੍ਰੋਫ਼ੈਸਰ ਤੇਲਟੁੰਬੜੇ ਨੂੰ ਪੁਲਿਸ ਨੇ ਤੜਕੇ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। 
ਇਸ ਤੋਂ ਇਕ ਦਿਨ ਪਹਿਲਾਂ ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਸੀ।

ਪੁਣੇ ਪੁਲਿਸ ਦੇ ਕਮਿਸ਼ਨਰ ਸ਼ਿਵਾਜੀ ਬੋੜਖੇ ਨੇ ਦਸਿਆ ਕਿ ਉਨ੍ਹਾਂ ਨੂੰ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਦਾਲਤ ਵਿਚ ਪੇਸ ਕੀਤਾ ਗਿਆ। 
ਪੁਲਿਸ ਅਨੁਸਾਰ ਮਾਉਵਾਦੀਆਂ ਨੇ ਪੁਣੇ ਵਿਚ 31 ਦਸੰਬਰ 2017 ਨੂੰ ਏਲਗਾਰ ਪਰਿਸ਼ਦ ਸੰਮੇਲਨ ਦਾ ਸਮਰਥਨ ਕੀਤਾ ਸੀ ਅਤੇ ਇਥੇ ਦਿਤੇ ਗਏ ਭੜਕਾਊ ਭਾਸ਼ਨ ਮਗਰੋਂ ਅਗਲੇ ਦਿਨ ਕੋਰੇਗਾਂਵ-ਭੀਮਾ ਵਿਚ ਹਿੰਸਾ ਭੜਕ ਗਈ ਸੀ। (ਏਜੰਸੀ)