ਮਮਤਾ ਦੇ ਪੈਰਾਂ ਥਲਿਉਂ ਜ਼ਮੀਨ ਖਿਸਕ ਰਹੀ ਹੈ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਹਮਲਾ ਕਰਦਿਆਂ ਉਸ 'ਤੇ ਭਾਜਪਾ ਕਾਰਕੁਨਾਂ ਵਿਰੁਧ ਹਿੰਸਾ.........

Narendra Modi

ਠਾਕੁਰਨਗਰ, (ਪਛਮੀ ਬੰਗਾਲ)  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਹਮਲਾ ਕਰਦਿਆਂ ਉਸ 'ਤੇ ਭਾਜਪਾ ਕਾਰਕੁਨਾਂ ਵਿਰੁਧ ਹਿੰਸਾ ਦੀ ਸਾਜ਼ਸ਼ ਰਚਣ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੀ ਪਾਰਟੀ ਨੂੰ ਮਿਲੇ ਲੋਕਾਂ ਦੇ ਪਿਆਰ ਕਾਰਨ ਘਬਰਾ ਗਈ ਹੈ ਅਤੇ ਉਸ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕਣ ਲੱਗ ਪਈ ਹੈ। ਬੈਨਰਜੀ ਦੇ ਗੜ੍ਹ ਵਿਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਅਪਣੇ ਰਾਜਨੀਤਕ ਵਿਰੋਧੀਆਂ ਵਿਰੁਧ ਕਿਸਾਨਾਂ ਨੂੰ ਖੇਤੀ ਕਰਜ਼ਾ ਮਾਫ਼ੀ ਜ਼ਰੀਏ ਗੁਮਰਾਹ ਕਰਨ ਦਾ ਵੀ ਦੋਸ਼ ਲਾਇਆ।

ਰੈਲੀ ਵਿਚ ਭਾਜੜ ਜਿਹੀ ਹਾਲਤ ਪੈਦਾ ਹੋ ਜਾਣ ਕਾਰਨ ਮੋਦੀ ਨੂੰ ਅਪਣਾ ਭਾਸ਼ਨ 14 ਮਿੰਟ ਵਿਚ ਹੀ ਖ਼ਤਮ ਕਰਨਾ ਪਿਆ। ਨਰਿੰਦਰ ਮੋਦੀ ਨੇ ਮਮਤਾ ਵਿਰੁਧ ਰਾਜ ਦੇ ਮੱਧ ਵਰਗ ਦੇ ਲੋਕਾਂ ਦੀਆਂ ਉਮੀਦਾਂ ਦੀਆਂ ਹਤਿਆ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਛਮੀ ਬੰਗਾਲ ਦੀ ਸੱਤਾਧਿਰ ਪਾਰਟੀ 'ਟੀ' ਤ੍ਰਿਣਮੂਲ ਟੋਲਾਬਾਜ਼ੀ ਟੈਕਸ ਲਈ ਜਾਣੀ ਜਾਂਦੀ ਹੈ। ਸਥਾਨਕ ਬੋਲਚਾਲ ਵਿਚ ਟੋਲਾਬਾਜ਼ੀ ਦਾ ਮਤਲਬ ਜਬਰਨ ਵਸੂਲੀ ਦਾ ਅਪਰਾਧ ਹੁੰਦਾ ਹੈ। ਉਨ੍ਹਾਂ ਮਮਤਾ ਵਿਰੁਧ ਬੰਗਾਲ ਵਿਚ ਲੋਕਤੰਤਰ ਨੂੰ ਦਰੜਨ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ। 

ਉਧਰ, ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਜਿੱਤਣ ਦਾ ਸੁਪਨਾ ਵੇਖਣ ਤੋਂ ਪਹਿਲਾਂ ਮੋਦੀ, ਰਾਜਨਾਥ ਆਪੋ-ਅਪਣੀਆਂ ਸੀਟਾਂ ਦੀ ਚਿੰਤਾ ਕਰਨ। ਮਮਤਾ ਨੇ ਕਿਹਾ ਕਿ ਭਾਜਪਾ ਦੇ ਇਹ ਨੇਤਾ ਬਾਹਰੀ ਹਨ ਅਤੇ ਪਛਮੀ ਬੰਗਾਲ ਤੋਂ ਨਹੀਂ। ਉਨ੍ਹਾਂ ਨੂੰ ਰਾਜ ਦੇ ਸਭਿਆਚਾਰ ਅਤੇ ਰਵਾਇਤਾਂ ਬਾਰੇ ਕੁੱਝ ਵੀ ਪਤਾ ਨਹੀਂ। ਪ੍ਰਧਾਨ ਮੰਤਰੀ ਨੇ ਨਾਗਰਿਕਤਾ ਸੋਧ ਬਿੱਲ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਦੇ ਉਨ੍ਹਾਂ ਗ਼ੈਰ-ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਦੀ ਮੰਗ ਕੀਤੀ ਗਈ ਹੈ ਜਿਹੜੇ ਧਾਰਮਕ ਅਤਿਆਚਾਰ ਕਾਰਨ ਅਪਣੇ ਦੇਸ਼ ਤੋਂ ਭੱਜ ਗਏ ਸਨ।

ਅਨੁਸੂਚਿਤ ਜਾਤੀ ਮਤੁਆ ਸਮਾਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, 'ਹੁਣ ਮੈਂ ਸਮਝ ਸਕਦਾ ਹਾਂ ਕਿ ਕਿਉਂ ਦੀਦੀ ਅਤੇ ਉਸ ਦੀ ਪਾਰਟੀ ਹਿੰਸਾ, ਨਿਰਦੋਸ਼ ਲੋਕਾਂ ਦੀ ਹਤਿਆ ਵਿਚ ਸ਼ਾਮਲ ਹੈ। ਉਹ ਸਾਡੇ ਲਈ ਤੁਹਾਡੇ ਪਿਆਰ ਤੋਂ ਘਬਰਾ ਗਈ ਹੈ।' ਬਜਟ ਨੂੰ ਇਤਿਹਾਸਕ ਕਦਮ ਦਸਦਿਆਂ ਮੋਦੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਕਿਸਾਨਾਂ, ਮਜ਼ਦੂਰਾਂ ਅਤੇ ਦਰਮਿਆਨੇ ਵਰਗ ਨੂੰ ਹੁਣ ਤਕ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ, 'ਅਸੀਂ ਅਪਣੇ ਬਜਟ ਵਿਚ ਫ਼ੈਸਲਿਆਂ ਦਾ ਐਲਾਨ ਕੀਤਾ ਹੈ ਜਿਸ ਨਾਲ 12 ਕਰੋੜ ਕਿਸਾਨਾਂ, 30-40 ਕਰੋੜ ਮਜ਼ਦੂਰਾਂ ਅਤੇ ਤਿੰਨ ਕਰੋੜ ਮੱਧ ਵਰਗ ਲੋਕਾਂ ਨੂੰ ਫ਼ਾਇਦਾ ਮਿਲੇਗਾ। (ਏਜੰਸੀ)