ਕਿਸਾਨ ਅੰਦੋਲਨ ‘ਤੇ ਟਵੀਟ ਕਰ ਰਹੀਆਂ ਕੌਮਾਂਤਰੀ ਹਸਤੀਆਂ, ਵਿਦੇਸ਼ ਮੰਤਰਾਲੇ ਨੇ ਦੱਸਿਆ ਮੰਦਭਾਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜਿਹੇ ਮਾਮਲਿਆਂ ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦਾ ਪਤਾ ਲਗਾਇਆ ਜਾਵੇ- ਵਿਦੇਸ਼ ਮੰਤਰਾਲੇ

External Affairs Ministry reacts to 'foreign comments' on farmers' protest

ਨਵੀਂ ਦਿੱਲੀ: ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਦੁਨੀਆਂ ਭਰ ਦੀਆਂ ਮਸ਼ਹੂਰ ਹਸਤੀਆਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਮਰੀਕੀ ਪੌਪ ਸਿੰਗਰ ਰਿਹਾਨਾ, ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਅਤੇ ਲੇਖਕ ਮੀਨਾ ਹੈਰਿਸ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤੇ।

ਇਸ ਤੋਂ ਬਾਅਦ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਆਈ ਹੈ। ਵਿਦੇਸ਼ ਮੰਤਰਾਲੇ ਨੇ ਕਿਸਾਨਾਂ ਦੇ ਸੰਘਰਸ਼ ‘ਤੇ ਵਿਦੇਸ਼ੀ ਵਿਅਕਤੀਆਂ ਅਤੇ ਸੰਸਥਾਵਾਂ ਵੱਲ਼ੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਤੇ ਬਿਆਨ ਜਾਰੀ ਕੀਤਾ ਹੈ। ਪ੍ਰੈੱਸ ਸਟੇਟਮੈਂਟ ਵਿਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਗਰੁੱਪ ਅਪਣੀ ਖ਼ੁਦਗ਼ਰਜ਼ੀ ਅਤੇ ਏਜੰਡੇ ਨੂੰ ਲਾਗੂ ਕਰਨ ਲਈ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਹੇ ਹਨ ਅਤੇ ਉਹਨਾਂ ਨੂੰ ਪਟੜੀ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹਨਾਂ ਸਵਾਰਥੀ ਗਰੁੱਪਾਂ ਵਿਚੋਂ ਕੁਝ ਨੇ ਭਾਰਤ ਵਿਰੁੱਧ ਕੌਮਾਂਤਰੀ ਸਮਰਥਨ ਜੁਟਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।  ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਸੇ ਵੀ ਕੌਮਾਂਤਰੀ ਹਸਤੀ ਦਾ ਨਾਂ ਨਹੀਂ ਲਿਆ ਹੈ। ਬਿਆਨ ਵਿਚ ਲਿਖਿਆ ਗਿਆ, ‘ਭਾਰਤ ਦੀ ਸੰਸਦ ਨੇ ਪੂਰੀ ਬਹਿਸ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਖੇਤੀਬਾੜੀ ਸੈਕਟਰ ਨਾਲ ਸਬੰਧਤ ਸੁਧਾਰਵਾਦੀ ਕਾਨੂੰਨ ਪਾਸ ਕੀਤੇ।

ਭਾਰਤ ਦੇ ਕੁਝ ਹਿੱਸਿਆਂ ਵਿਚ, ਕਿਸਾਨਾਂ ਦੇ ਇਕ ਬਹੁਤ ਹੀ ਛੋਟੇ ਹਿੱਸੇ ਨੇ ਇਹਨਾਂ ਸੁਧਾਰਾਂ ‘ਤੇ ਇਤਰਾਜ਼ ਜਤਾਇਆ ਹੈ। ਪ੍ਰਦਰਸ਼ਨਕਾਰੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਭਾਰਤ ਸਰਕਾਰ ਨੇ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੀ ਇਕ ਲੜੀ ਸ਼ੁਰੂ ਕੀਤੀ ਹੈ। ਕੇਂਦਰੀ ਮੰਤਰੀ ਇਸ ਗੱਲਬਾਤ ਦਾ ਹਿੱਸਾ ਰਹੇ ਹਨ ਅਤੇ ਗਿਆਰਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਸਰਕਾਰ ਨੇ ਇਸ ਸਮੇਂ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ, ਇਹ ਪ੍ਰਸਤਾਵ ਭਾਰਤ ਦੇ ਪ੍ਰਧਾਨ ਮੰਤਰੀ ਵੱਲ਼ੋਂ ਹੀ ਹੈ’।