ਅੱਜ ਵੀ ਸੰਸਦ ‘ਚ ਕਿਸਾਨੀ ਮੁੱਦੇ 'ਤੇ ਹੋ ਸਕਦਾ ਹੰਗਾਮਾ, ਵਿਰੋਧੀ ਧਿਰਾਂ ਨੇ ਦਿੱਤਾ ਚਰਚਾ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ, 'ਪ੍ਰਧਾਨ ਮੰਤਰੀ ਜੀ ਆਪਣੇ ਕਿਸਾਨਾਂ ਨਾਲ ਹੀ ਯੁੱਧ ?'

parliament

ਨਵੀਂ ਦਿੱਲੀ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ। ਕਿਸਾਨ ਕਾਨੂੰਨ ਵਾਪਸ ਲੈਣ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ  ਸੰਸਦ 'ਚ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਪੇਸ਼ ਕੀਤਾ। ਖ਼ਬਰਾਂ ਮੁਤਾਬਕ ਅੱਜ ਸਦਨ ਵਿਚ ਕੋਈ ਬਿਲ ਪੇਸ਼ ਨਹੀਂ ਕੀਤਾ ਜਾਵੇਗਾ। ਅੱਜ ਕੇਂਦਰੀ ਬਜਟ ‘ਤੇ ਚਰਚਾ ਹੋ ਸਕਦੀ ਹੈ। ਕਿਸਾਨਾਂ ਦੇ ਮੁੱਦੇ 'ਤੇ ਸੰਸਦ 'ਚ ਵਿਰੋਧੀ ਧਿਰਾਂ ਸਰਕਾਰ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। 

ਸਦਨ ਵਿਚ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੇ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਲਈ ਨੋਟਿਸ ਦਿੱਤਾ ਹੈ। ਇਸ ਦੇ ਚਲਦਿਆਂ ਸਦਨ ਵਿਚ ਭਾਰੀ ਹੰਗਾਮੇ ਦੇ ਅਸਾਰ ਹਨ। ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਰਾਜ ਸਭਾ ਵਿਚ ਕਿਸਾਨਾਂ ਦੇ ਮੁੱਦੇ ਉੱਤੇ ਵਿਚਾਰ ਚਰਚਾ ਲਈ ਨੋਟਿਸ ਦਿੱਤਾ ਹੈ।ਕੱਲ੍ਹ ਦੇ ਬਜਟ ਤੋਂ ਬਾਅਦ ਅੱਜ ਰਾਜ ਸਭਾ 'ਚ ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਅੱਜ ਦੂਜੀ ਵਾਰ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਨੂੰ ਦੇਖਦਿਆਂ ਸਦਨ ਦੀ ਕਾਰਵਾਈ ਨੂੰ ਇਕ ਵਾਰ ਫਿਰ 12.30 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ। ਇਕ ਵਾਰ ਫਿਰ 12.30 ਵਜੇ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਏ ਜਾਣੇ ਸ਼ੁਰੂ ਹੋ ਗਏ। 

ਇਸ ਤੋਂ ਬਾਅਦ ਡਿਪਟੀ ਚੇਅਰਮੈਨ ਨੇ ਕਿਹਾ," ਕੱਲ ਤੋਂ ਅਸੀਂ ਰਾਸ਼ਟਰਪਤੀ ਦੇ ਸੰਬੋਧਨ 'ਤੇ ਵਿਚਾਰ ਕਰਨ ਜਾ ਰਹੇ ਹਾਂ, ਹੁਣ ਤੁਸੀਂ ਆਪਣੀਆਂ ਸੀਟਾਂ' ਤੇ ਜਾਓ ਪਰ ਵਿਰੋਧੀ ਸੰਸਦ ਮੈਂਬਰ ਨਾ ਸੁਣੇ ਅਤੇ ਨਾਅਰੇਬਾਜ਼ੀ ਕਰਦੇ ਰਹੇ।"ਇਸ ਦੇ ਮੱਦੇਨਜ਼ਰ ਸਦਨ ਦੀ ਕਾਰਵਾਈ ਕੱਲ (ਬੁੱਧਵਾਰ) ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿਚ, ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ 13 ਫਰਵਰੀ ਨੂੰ ਉਪਰਲੇ ਸਦਨ ਦੀ ਬੈਠਕ ਦੀ ਘੋਸ਼ਣਾ ਕੀਤੀ। 13 ਫਰਵਰੀ 2021 ਨੂੰ ਸਦਨ ਦੀ ਬੈਠਕ ਵਿਚ ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ। 

ਜਿਕਰਯੋਗ ਹੈ ਕਿ ਬੀਤੇ ਦਿਨੀ ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ, 'ਪ੍ਰਧਾਨ ਮੰਤਰੀ ਜੀ ਆਪਣੇ ਕਿਸਾਨਾਂ ਨਾਲ ਹੀ ਯੁੱਧ ?' ਉੱਥੇ ਹੀ ਸ਼ਿਵਸੇਨਾ ਲੀਡਰ ਸੰਜੇ ਸਿੰਘ ਰਾਓਤ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਨੂੰ ਆਪਣੀ ਪਾਰਟੀ ਤੇ ਮਹਾਰਾਸ਼ਰ ਸਰਕਾਰ ਦਾ ਸਮਰਥਨ ਦੇਣ ਦਾ ਐਲਾਨ ਕੀਤਾ।