ਦੇਸ਼ ਭਰ 'ਚ 22 ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ
6 ਪੂਰੀ ਤਰ੍ਹਾਂ ਚਾਲੂ, 16 ਸ਼ੁਰੂ ਹੋਣ ਦੇ ਵੱਖੋ-ਵੱਖ ਪੜਾਅ ਹੇਠ
ਨਵੀਂ ਦਿੱਲੀ - ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਤਹਿਤ ਦੇਸ਼ ਭਰ ਵਿਚ 22 ਨਵੇਂ ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿੱਚ ਸੁਧੀਰ ਗੁਪਤਾ ਅਤੇ ਧੈਰਿਆਸ਼ੀਲ ਸੰਭਾਜੀਰਾਓ ਮਾਨੇ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਮਨਜ਼ੂਰਸ਼ੁਦਾ 22 ਏਮਜ਼ ਵਿੱਚੋਂ ਭੋਪਾਲ (ਮੱਧ ਪ੍ਰਦੇਸ਼), ਭੁਵਨੇਸ਼ਵਰ (ਉੜੀਸਾ), ਜੋਧਪੁਰ (ਰਾਜਸਥਾਨ), ਪਟਨਾ (ਬਿਹਾਰ), ਰਾਏਪੁਰ (ਛੱਤੀਸਗੜ੍ਹ) ਅਤੇ ਰਿਸ਼ੀਕੇਸ਼ (ਉਤਰਾਖੰਡ) ਵਿੱਚ ਛੇ ਏਮਜ਼ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ।
ਮਾਂਡਵੀਆ ਨੇ ਕਿਹਾ ਕਿ ਬਾਕੀ 16 ਏਮਜ਼ ਚਾਲੂ ਹੋਣ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ 22 ਏਮਜ਼ ਨਾਲ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਐਮ.ਬੀ.ਬੀ.ਐਸ. ਦੀਆਂ ਸੀਟਾਂ ਅਤੇ 18250 ਬੈੱਡਾਂ ਦੀ ਗਿਣਤੀ ਵਧ ਜਾਵੇਗੀ।
ਮੰਤਰੀ ਨੇ ਕਿਹਾ ਕਿ 22 ਏਮਜ਼ ਵਿੱਚੋਂ ਅਵੰਤੀਪੋਰਾ (ਕਸ਼ਮੀਰ), ਰੇਵਾੜੀ (ਹਰਿਆਣਾ) ਅਤੇ ਦਰਭੰਗਾ (ਬਿਹਾਰ) ਨੂੰ ਛੱਡ ਕੇ ਬਾਕੀ 19 ਵਿੱਚ ਐਮ.ਬੀ.ਬੀ.ਐਸ. ਕੋਰਸ ਚਲਾਇਆ ਜਾ ਰਿਹਾ ਹੈ।