ਦਿੱਲੀ ਤਿਹਾੜ ਜੇਲ੍ਹ ’ਚੋਂ ਤਲਾਸ਼ੀ ਦੌਰਾਨ 18 ਮੋਬਾਇਲ ਫ਼ੋਨ, ਨਸ਼ੀਲੇ ਪਦਾਰਥ ਤੇ ਚਾਕੂ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਢਾਈ ਮਹੀਨਿਆਂ ’ਚ ਜੇਲ੍ਹ ’ਚੋਂ 348 ਮੁਬਾਇਲ ਫ਼ੋਨ ਬਰਾਮਦ

photo

 

ਨਵੀਂ ਦਿੱਲੀ- ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਅਚਾਨਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜੇਲ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਨੇ ਕੈਦੀਆਂ ਵਿਚ ਹਲਚਲ ਮਚਾ ਦਿੱਤੀ ਹੈ। ਇਸ ਤਲਾਸ਼ੀ ਮੁਹਿੰਮ ਵਿੱਚ ਜੇਲ੍ਹ ਨੰਬਰ 3 ਵਿੱਚੋਂ ਮੋਬਾਈਲ ਫੋਨ, ਚਾਕੂ, ਨਸ਼ੀਲਾ ਪਦਾਰਥ ਅਤੇ ਤਾਰਾਂ ਬਰਾਮਦ ਹੋਈਆਂ ਹਨ, ਜੋ ਕੈਦੀਆਂ ਵੱਲੋਂ ਛੁਪਾ ਕੇ ਰੱਖੀਆਂ ਹੋਈਆਂ ਸਨ। ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਟੀਮ ਕੈਦੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇੰਨੀ ਸਖ਼ਤ ਚੈਕਿੰਗ ਦੇ ਬਾਵਜੂਦ ਉਨ੍ਹਾਂ ਨੂੰ ਮੋਬਾਈਲ ਅਤੇ ਚਾਕੂ ਕਿਸ ਦੀ ਮਦਦ ਨਾਲ ਮਿਲੇ ਹਨ।

ਇਕ ਅਧਿਕਾਰੀ ਨੇ ਦੱਸਿਆ ਕਿ ਕਈ ਦਿਨਾਂ ਤੋਂ ਜੇਲ ਦੀਆਂ ਵੱਖ-ਵੱਖ ਕੋਠੜੀਆਂ 'ਚ ਮੋਬਾਇਲ ਅਤੇ ਹੋਰ ਬੇਲੋੜੀਆਂ ਚੀਜ਼ਾਂ ਦੀ ਵਰਤੋਂ ਦੀ ਸੂਚਨਾ ਮਿਲ ਰਹੀ ਸੀ, ਜਿਸ ਤੋਂ ਬਾਅਦ ਅਚਾਨਕ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।  

ਜੇਲ੍ਹ ਦੇ ਡੀਜੀ ਸੰਜੇ ਬੈਨੀਵਾਲ ਨੇ ਕਿਹਾ ਕਿ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਅਨੁਸ਼ਾਸਨ ਨਾਲ ਚੱਲਣ ਦਾ ਫੈਸਲਾ ਕੀਤਾ ਹੈ। ਪਿਛਲੇ 2.5 ਮਹੀਨਿਆਂ ਵਿੱਚ ਅਸੀਂ 348 ਮੋਬਾਈਲ ਫੋਨ ਜ਼ਬਤ ਕੀਤੇ ਹਨ। ਕੱਲ੍ਹ ਅਸੀਂ ਜੇਲ੍ਹ ਨੰਬਰ 3 ਵਿੱਚੋਂ 18 ਮੋਬਾਈਲ ਬਰਾਮਦ ਕੀਤੇ ਹਨ।

ਇਸ ਦੇ ਨਾਲ ਹੀ ਇਸ ਛਾਪੇਮਾਰੀ 'ਤੇ ਡੀਜੀ ਜੇਲ੍ਹ ਸੰਜੇ ਬੈਨੀਵਾਲ ਨੇ ਕਿਹਾ ਹੈ ਕਿ ਇਹ ਅਪਰਾਧਿਕ ਦੁਨੀਆ ਦੇ ਲੋਕਾਂ ਲਈ ਚੰਗਾ ਸੰਦੇਸ਼ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਤਿਹਾੜ ਜੇਲ੍ਹ ਦੀ ਸੁਰੱਖਿਆ ਨੂੰ ਭੰਗ ਨਹੀਂ ਕਰ ਸਕਦਾ। ਦੱਸ ਦੇਈਏ ਕਿ ਇਸ ਸਾਲ ਦਿੱਲੀ ਦੀਆਂ ਜੇਲ੍ਹਾਂ ਵਿੱਚ ਇਸ ਤਰੀਕੇ ਦੀ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ।  ਹਾਲ ਹੀ ਵਿੱਚ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਕਈ ਮੋਬਾਈਲ ਫੋਨ ਮਿਲਣ ਤੋਂ ਬਾਅਦ ਦਿੱਲੀ ਜੇਲ੍ਹ ਵਿਭਾਗ ਨੇ ਦੋ ਡਿਪਟੀ ਸੁਪਰਡੈਂਟ, ਇੱਕ ਸਹਾਇਕ ਸੁਪਰਡੈਂਟ, ਇੱਕ ਹੈੱਡ ਵਾਰਡਰ ਅਤੇ ਇੱਕ ਹੋਰ ਵਾਰਡਰ ਨੂੰ ਮੁਅੱਤਲ ਕਰ ਦਿੱਤਾ ਸੀ। ਜੇਲ੍ਹ ਅਧਿਕਾਰੀਆਂ ਅਨੁਸਾਰ ਮੰਡੋਲੀ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਬਰਾਮਦ ਹੋਣ ਤੋਂ ਬਾਅਦ ਡਿਪਟੀ ਸੁਪਰਡੈਂਟ ਪ੍ਰਦੀਪ ਸ਼ਰਮਾ ਅਤੇ ਧਰਮਿੰਦਰ ਮੌਰੀਆ, ਸਹਾਇਕ ਸੁਪਰਡੈਂਟ ਸੰਨੀ ਚੰਦਰ, ਹੈੱਡ ਵਾਰਡਰ ਲੋਕੇਸ਼ ਧਾਮਾ ਅਤੇ ਵਾਰਡਰ ਹੰਸਰਾਜ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜੇਲ੍ਹ ਦੇ ਡਾਇਰੈਕਟਰ ਜਨਰਲ ਸੰਜੇ ਬੈਨੀਵਾਲ ਨੇ ਸਮੂਹ ਜੇਲ੍ਹ ਸੁਪਰਡੈਂਟਾਂ ਨੂੰ ਸਰਚ ਟੀਮਾਂ ਗਠਿਤ ਕਰਨ ਅਤੇ ਜੇਲ੍ਹ ਵਿੱਚ ਮੋਬਾਈਲ ਫ਼ੋਨ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਨੂੰ ਟਰੇਸ ਕਰਨ ਦੇ ਨਿਰਦੇਸ਼ ਦਿੱਤੇ ਸਨ। ਜੇਲ੍ਹ ਵਿੱਚ ਮੋਬਾਈਲ ਫ਼ੋਨ ਭੇਜਣ ਵਿਰੁੱਧ ਵਿਆਪਕ ਕਾਰਵਾਈ ਲਈ ਜੇਲ੍ਹ ਹੈੱਡਕੁਆਰਟਰ ਵਿਖੇ ਗਠਿਤ ਵਿਸ਼ੇਸ਼ ਵਿਜੀਲੈਂਸ ਟੀਮ ਨੇ ਕਾਰਵਾਈ ਕੀਤੀ। ਇਸ ਟੀਮ ਨੇ ਸਪੈਸ਼ਲ ਪੁਲਿਸ ਫੋਰਸ ਨਾਲ ਮਿਲ ਕੇ 18 ਦਸੰਬਰ ਨੂੰ ਵੀ ਛਾਪੇਮਾਰੀ ਕੀਤੀ ਸੀ।

ਜਿਸ ਵਿੱਚ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਤਿਹਾੜ ਜੇਲ੍ਹ, ਮੰਡੋਲੀ ਜੇਲ੍ਹ ਅਤੇ ਰੋਹਿਣੀ ਜੇਲ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਸਮੇਂ-ਸਮੇਂ 'ਤੇ ਛਾਪੇਮਾਰੀ ਜਾਰੀ ਹੈ। ਛਾਪੇਮਾਰੀ ਵਿੱਚ ਹੁਣ ਤੱਕ 100 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ।