ਅਡਾਨੀ ਗਰੁੱਪ ਨਾਲ ਜੁੜੇ ਮਾਮਲੇ 'ਤੇ ਸਰਕਾਰ ਚਰਚਾ ਨਹੀਂ ਹੋਣ ਦੇ ਰਹੀ - ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਡਾਨੀ ਮਾਮਲੇ ਦਾ ਆਮ ਭਾਰਤੀਆਂ 'ਤੇ ਪੈਣ ਵਾਲੇ ਅਸਰ ਬਾਰੇ ਕੀਤਾ ਜ਼ਿਕਰ 

Representative Image

 

ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਨਰੇਂਦਰ ਮੋਦੀ ਸਰਕਾਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ 'ਤੇ ਸੰਸਦ ਵਿੱਚ ਚਰਚਾ ਨਹੀਂ ਹੋਣ ਦੇ ਰਹੀ।

ਤਿਰੁਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਨੇ ਕਿਹਾ, ‘"ਵਿਰੋਧੀ ਪਾਰਟੀਆਂ ਦੀ ਸਿਰਫ਼ ਇਹੀ ਮੰਗ ਹੈ ਕਿ ਇਸ ਵਿਸ਼ੇ (ਅਡਾਨੀ ਮਾਮਲੇ) ’ਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਆਮ ਆਦਮੀ ’ਤੇ ਇਸ ਦਾ ਕੀ ਅਸਰ ਪਵੇਗਾ, ਸਾਨੂੰ ਇਸ ਬਾਰੇ 'ਚ ਜਾਣਨਾ ਚਾਹੀਦਾ ਹੈ।’’

ਉਨ੍ਹਾਂ ਕਿਹਾ, ''ਐਲ.ਆਈ.ਸੀ. ਅਤੇ ਹੋਰ ਪੀ.ਐਸ.ਯੂ. ਨੇ (ਅਡਾਨੀ ਦੇ) ਸ਼ੇਅਰਾਂ ਵਿੱਚ ਨਿਵੇਸ਼ ਕੀਤਾ ਹੈ, ਆਮ ਆਦਮੀ ਦੀ ਬੱਚਤ ਐਲ.ਆਈ.ਸੀ. ਅਤੇ ਜਨਤਕ ਖੇਤਰ ਦੇ ਬੈਂਕਾਂ ਵਿੱਚ ਜਮ੍ਹਾਂ ਹੈ, ਇਸ ਲਈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਬਚਤ ਸੁਰੱਖਿਅਤ ਹੈ, ਸਰਕਾਰ ਕੁਝ ਕਰ ਰਹੀ ਹੈ।"

ਥਰੂਰ ਨੇ ਕਿਹਾ, "ਸੰਸਦ ਸਵਾਲ ਪੁੱਛਣ ਲਈ ਹੁੰਦੀ ਹੈ। ਜੇਕਰ ਚਰਚਾ ਹੀ ਨਹੀਂ ਹੋਣ ਦਿਓਂਗੇ, ਤਾਂ ਕੀ ਮਤਲਬ ਹੈ। ਲੋਕਤੰਤਰ ਵਿੱਚ, ਸੰਸਦ ਚਰਚਾ ਲਈ ਹੁੰਦੀ ਹੈ।"

ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਲੈ ਕੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 

ਵਿਰੋਧੀ ਧਿਰ ਦੇ ਮੈਂਬਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਇੱਕ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਅਤੇ ਇਸ ਮੁੱਦੇ 'ਤੇ ਸੰਸਦ ਵਿੱਚ ਚਰਚਾ ਦੀ ਮੰਗ ਕਰ ਰਹੇ ਹਨ।