PM ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦਿਤਾ, ‘ਸਬਕਾ ਸੱਤਿਆਨਾਸ਼’ ਕੀਤਾ: ਖੜਗੇ
‘‘ਇਹ ਲੋਕ (ਭਾਜਪਾ) ਕਹਿੰਦੇ ਹਨ ਕਿ ਭਾਜਪਾ ਸਿਧਾਂਤਾਂ ਦੀ ਪਾਰਟੀ ਹੈ। ਇਹ ਕਿਸ ਤਰ੍ਹਾਂ ਦਾ ਸਿਧਾਂਤ ਹੈ?
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨੌਜੁਆਨਾਂ, ਔਰਤਾਂ, ਕਿਸਾਨਾਂ ਅਤੇ ਗਰੀਬਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਭਾਵੇਂ ਸਬਕਾ ਸਾਥ ਸਬਕਾ ਵਿਕਾਸ ਦਾ ਨਾਅਰਾ ਦਿਤਾ ਗਿਆ ਸੀ ਪਰ ਸਾਰਿਆਂ ਦਾ ‘ਸਤਿਆਨਾਸ’ ਕੀਤਾ ਗਿਆ ਹੈ।
ਇੱਥੇ ਨਿਆਂ ਸੰਕਲਪ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਇਨਸਾਫ ਦੀ ਲੜਾਈ ’ਚ ਰਾਹੁਲ ਗਾਂਧੀ ਦਾ ਸਮਰਥਨ ਕਰਨ ਦਾ ਸੱਦਾ ਦਿਤਾ। ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਝਾਰਖੰਡ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੀ ਕਿਉਂਕਿ ਸਾਰੇ ਵਿਧਾਇਕ ਡਟੇ ਹੋਏ ਸਨ।
ਉਨ੍ਹਾਂ ਕਿਹਾ, ‘‘ਇਹ ਲੋਕ (ਭਾਜਪਾ) ਕਹਿੰਦੇ ਹਨ ਕਿ ਭਾਜਪਾ ਸਿਧਾਂਤਾਂ ਦੀ ਪਾਰਟੀ ਹੈ। ਇਹ ਕਿਸ ਤਰ੍ਹਾਂ ਦਾ ਸਿਧਾਂਤ ਹੈ? ਜਿਸ ਵਿਅਕਤੀ ਨੂੰ ਇਹ ਲੋਕ ਪਹਿਲਾਂ ਭ੍ਰਿਸ਼ਟ ਕਹਿੰਦੇ ਹਨ ਅਤੇ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਜੇਲ ਵਿਚ ਸੁੱਟ ਦਿਤਾ ਜਾਂਦਾ ਹੈ, ਉਹ ਸਾਫ-ਸੁਥਰਾ ਹੋ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਬਹੁਤ ਵੱਡੀ ਵਾਸ਼ਿੰਗ ਮਸ਼ੀਨ ਹੈ।’’
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਭਾਵਨਾਤਮਕ ਕਾਰਡ ਅਤੇ ਧਾਰਮਕ ਕਾਰਡ ਖੇਡਦੀ ਹੈ। ਖੜਗੇ ਨੇ ਦਾਅਵਾ ਕੀਤਾ ਕਿ ਮੋਦੀ ਜੀ ਦਾ ਨਾਅਰਾ ‘ਸਬਕਾ ਸਾਥ, ਸਬਕਾ ਵਿਕਾਸ’ ਸੀ ਪਰ ਉਨ੍ਹਾਂ ਨੇ ਸਾਰਿਆਂ ਨੂੰ ਖਤਮ ਕਰ ਦਿਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਭਾਰਤ ਜੋੜੋ ਨਿਆਂ ਯਾਤਰਾ ਪਿਛਲੇ 21 ਦਿਨਾਂ ਤੋਂ ਚੱਲ ਰਹੀ ਹੈ। ਰਾਹੁਲ ਗਾਂਧੀ ਇਸ ਯਾਤਰਾ ’ਚ ਨਿਆਂ ਦੇ 5 ਥੰਮ੍ਹ ਲੈ ਕੇ ਸਾਹਮਣੇ ਆਏ ਹਨ।
ਰਾਹੁਲ ਗਾਂਧੀ ਲੋਕਾਂ ਦੇ ਅਧਿਕਾਰਾਂ ਲਈ ਲੜ ਰਹੇ ਹਨ। ਹਰ ਕਾਂਗਰਸੀ ਵਰਕਰ ਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਲਈ ਨਹੀਂ ਬਲਕਿ ਸੰਵਿਧਾਨ ਦੀ ਰੱਖਿਆ ਲਈ ਹੈ।’’ ਉਨ੍ਹਾਂ ਦਾਅਵਾ ਕਰਦਿਆਂ ਕਿਹਾ, ‘‘ਜੇਕਰ ਤੁਸੀਂ ਇਸ ਲੜਾਈ ’ਚ ਕਾਂਗਰਸ ਦਾ ਸਾਥ ਨਹੀਂ ਦਿੰਦੇ ਤਾਂ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਗੁਲਾਮ ਬਣ ਜਾਵੋਗੇ।’’