ਛੋਟੇ ਜਿਹੇ ਬੱਚੇ ਨੇ 'ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ' ਦੇ ਲਗਾਏ ਨਾਅਰੇ, ਟਿਕੈਤ ਨੇ ਕੀਤਾ ਸਨਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੋਟੇ ਬੱਚੇ ਨੂੰ ਟਿਕੈਤ ਕੋਲੋਂ ਮਿਲਿਆ ਸਨਮਾਨ, ਦੇਖੋ ਕਿਵੇਂ ਲਗਾਏ ਬੱਚੇ ਨੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ...

Child

ਨਵੀਂ ਦਿੱਲੀ (ਸੈਸ਼ਵ ਨਾਗਰਾ): ਜਿੱਥੇ ਖੇਤੀ ਬਿਲਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਕਿਸਾਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਜਾ ਕੇ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਉਤਰਾਖੰਡ ਦੇ ਰੂਦਰਪੁਰ ਵਿਚ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਇਸ ਮਹਾਂ ਪੰਚਾਇਤ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਇੱਕ ਛੋਟੇ ਬੱਚੇ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਤ ਵੀ ਕੀਤਾ ਗਿਆ।

ਦੱਸ ਦਈਏ ਕਿ ਦਿੱਲੀ ਵਿਚ ਲਗਾਤਾਰ ਤਿੰਨ ਮਹੀਨਿਆਂ ਤੋਂ ਦੇਸ਼ ਦੇ ਕਿਸਾਨਾਂ, ਬੀਬੀਆਂ, ਛੋਟੇ-ਛੋਟੇ ਬੱਚਿਆਂ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧਰਨਾ ਦਿੱਤਾ ਜਾ ਰਿਹਾ, ਅੱਜ ਮਹਾਂ ਪੰਚਾਇਤ ਵਿਚ ਪ੍ਰਭਜੋਤ ਨਾਮ ਦਾ ਛੋਟੇ ਜਿਹਾ ਬੱਚਾ ਵੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਗੱਲ ਕਹਿ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਕੀ ਪਤਾ ਕਿ ਖੇਤੀ ਕਾਨੂੰਨਾਂ ਵਿਚ ਕੀ ਕਾਲਾ ਹੈ? ਅੱਜ ਉਹ ਵੀ ਕਿਸਾਨੀ ਸੰਘਰਸ਼ ਵਿਚ ਆਪਣਾ ਵਧ-ਚੜ੍ਹ ਕੇ ਹਿੱਸਾ ਪਾ ਰਹੇ ਹਨ।

ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਸੈਸ਼ਵ ਨਾਗਰਾ ਨੇ ਮਹਾਂ ਪੰਚਾਇਤ ਵਿਚ ਪੁੱਜੇ ਬੱਚੇ ਨਾਲ ਵਿਸੇਸ਼ ਤੌਰ ’ਤੇ ਗੱਲਬਾਤ ਕੀਤੀ, ਬੱਚੇ ਨੇ ਕਿਹਾ ਕਿ ਅਸੀਂ ਇੱਥੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਆਏ ਹਾਂ, ਬੱਚੇ ਨੇ ਕਿਹਾ ਕਿ ਅੱਜ ਮੈਨੂੰ ਰਾਕੇਸ਼ ਟਿਕੈਤ ਨੇ ਫੁੱਲਾਂ ਦਾ ਹਾਰ ਪਾ ਕੇ ਸਨਮਾਨਤ ਕੀਤਾ ਹੈ, ਇਸ ਤੋਂ ਬਾਅਦ ਬੱਚੇ ਨੇ ਜੈ ਜਵਾਨ, ਜੈ ਕਿਸਾਨ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰਾ ਵੀ ਲਗਾਏ।

ਬੱਚੇ ਨੇ ਦੱਸਿਆ ਕਿ ਮੈਂ ਮਹਾਂ ਪੰਚਾਇਤ ਵਿਚ ਆਪਣੇ ਪਾਪਾ ਅਤੇ ਚਾਚਾ ਜੀ ਨਾਲ ਆਇਆ ਹਾਂ। ਬੱਚੇ ਦੇ ਚਾਚਾ ਜੀ ਨੇ ਦੱਸਿਆ ਕਿ ਅਸੀਂ ਪ੍ਰਭਜੋਤ ਸਿੰਘ (ਬੱਚਾ) ਨੂੰ ਇਸ ਲਈ ਇੱਥੇ ਲੈ ਕੇ ਆਏ ਹਾਂ ਕਿਉਂਕਿ ਜਦੋਂ ਅਸੀਂ ਗਾਜ਼ੀਪੁਰ ਬਾਰਡਰ ‘ਤੇ ਜਾਂਦੇ ਸੀ ਤਾਂ ਇਹ ਸਾਨੂੰ ਪੁੱਛਦਾ ਸੀ ਕਿ ਕਿੱਥੇ ਜਾ ਰਹੇ ਹੋ ਫਿਰ ਅਸੀਂ ਇਸਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਜਾ ਰਹੇ ਹਾਂ।