ਮਨੀ ਲਾਂਡਰਿੰਗ ਮਾਮਲੇ ਵਿਚ 7 ਮਾਰਚ ਤੱਕ ਵਧੀ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ED ਹਿਰਾਸਤ
ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਸੁਣਾਇਆ ਫ਼ੈਸਲਾ, 23 ਫ਼ਰਵਰੀ ਨੂੰ 8 ਘੰਟੇ ਦੀ ਪੁੱਛਗਿੱਛ ਮਗਰੋਂ ED ਨੇ ਕੀਤਾ ਸੀ ਗ੍ਰਿਫ਼ਤਾਰ
ਮੁੰਬਈ : ਮਨੀ ਲਾਂਡਰਿੰਗ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੂੰ ਅਦਾਲਤ ਨੇ 7 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਹਿਰਾਸਤ ਦੀ ਮਿਆਦ ਅੱਜ ਯਾਨੀ 3 ਮਾਰਚ ਨੂੰ ਖ਼ਤਮ ਹੋ ਰਹੀ ਸੀ ਅਤੇ ਅੱਜ ਇਸ ਮਿਆਦ ਨੂੰ ਵਧਾਉਣ ਨੂੰ ਲੈ ਕੇ ਅਦਾਲਤ ਵਿੱਚ ਸੁਣਵਾਈ ਹੋਈ।
ਇਹ ਹੁਕਮ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਸੁਣਾਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅਨਿਲ ਸਿੰਘ ਨੇ ਬਹਿਸ ਕੀਤੀ ਜਦਕਿ ਨਵਾਬ ਮਲਿਕ ਵਲੋਂ ਅਮਿਤ ਦੇਸਾਈ ਅਤੇ ਤਾਰਕ ਸੱਯਦ ਨੇ ਬਹਿਸ ਕੀਤੀ।
ਵਿਸ਼ੇਸ਼ ਅਦਾਲਤ 'ਚ ਸੁਣਵਾਈ ਸ਼ੁਰੂ ਕਰਦੇ ਹੋਏ ਐਡੀਸ਼ਨਲ ਸਾਲਿਸਟਰ ਜਨਰਲ (ਏ.ਐੱਸ.ਜੀ.) ਅਨਿਲ ਸਿੰਘ ਨੇ ਕਿਹਾ ਕਿ ਈਡੀ ਦੀ ਹਿਰਾਸਤ 'ਚ ਨਵਾਬ ਮਲਿਕ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ, ਜਿਸ ਕਾਰਨ ਪੂਰੀ ਪੁੱਛਗਿੱਛ ਨਹੀਂ ਹੋ ਸਕੀ ਸੀ। ਈਡੀ ਵਲੋਂ 6 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਸਿਹਤ ਖ਼ਰਾਬ ਹੋਣ ਕਾਰਨ ਈਡੀ ਵੱਲੋਂ ਪੂਰੀ ਪੁੱਛਗਿੱਛ ਨਹੀਂ ਕੀਤੀ ਗਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਵਾਬ ਮਲਿਕ ਨੂੰ 7 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਣ ਦੇ ਨਿਰਦੇਸ਼ ਦਿੱਤੇ ਹਨ।