ਵਾਰਾਣਸੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਯੂਕਰੇਨ ਤੋਂ ਭਾਰਤ ਆਉਣ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ।
ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਵਿਖੇ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਯੂਕਰੇਨ ਤੋਂ ਭਾਰਤ ਆਉਣ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ। ਵਿਦਿਆਰਥੀ ਵਾਰਾਣਸੀ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਤੋਂ ਸਨ।
ਭਾਰਤ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਲਗਾਤਾਰ ਏਅਰਲਿਫਟ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆ ਰਿਹਾ ਹੈ। ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਕੁੱਲ 17,000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ ਅਤੇ ਯੂਕਰੇਨ ਵਿੱਚ ਫਸੇ ਬਾਕੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਆਪਰੇਸ਼ਨ ਗੰਗਾ ਦੇ ਤਹਿਤ ਉਡਾਣਾਂ ਵਿੱਚ ਵਾਧਾ ਕੀਤਾ ਗਿਆ ਹੈ।
ਭਾਰਤ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਯੂਕਰੇਨ ਦੇ ਪੱਛਮੀ ਗੁਆਂਢੀਆਂ ਜਿਵੇਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਰਾਹੀਂ ਬਾਹਰ ਕੱਢ ਰਿਹਾ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐੱਮ ਸਿੰਧੀਆ ਨੇ ਕਿਹਾ ਕਿ ਬੁਖਾਰੇਸਟ, ਸੁਸੇਵਾ, ਕੋਸੀਸ, ਬੁਡਾਪੇਸਟ ਅਤੇ ਰਜ਼ੇਜ਼ੋ ਤੋਂ 19 ਉਡਾਣਾਂ ਰਾਹੀਂ ਅੱਜ 3,726 ਭਾਰਤੀਆਂ ਨੂੰ ਘਰ ਵਾਪਸ ਲਿਆਂਦਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਮਰੀਕੀ C-17 ਗਲੋਬਮਾਸਟਰ ਅਤੇ IL-76 ਟਰਾਂਸਪੋਰਟ ਏਅਰਕ੍ਰਾਫਟ ਲਗਭਗ 400 ਯਾਤਰੀਆਂ ਨਾਲ ਲੰਬੀ ਦੂਰੀ ਤੱਕ ਉਡਾਣ ਭਰਨ ਦੇ ਸਭ ਤੋਂ ਸਮਰੱਥ ਹਨ। ਜਦੋਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਲਿਆ ਅਤੇ ਅਮਰੀਕੀਆਂ ਨੂੰ ਉੱਥੋਂ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ ਤਾਂ ਸੀ-17 ਟਰਾਂਸਪੋਰਟ ਜਹਾਜ਼ ਨੇ ਕਾਬੁਲ ਤੋਂ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਕੱਢਣ ਲਈ ਵੱਡੀ ਮਦਦ ਕੀਤੀ ਸੀ।