ਪੋਲੈਂਡ-ਯੂਕਰੇਨ ਸਰਹੱਦ 'ਤੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਕੇਂਦਰੀ ਮੰਤਰੀ ਵੀਕੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਉਪਰੰਤ ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਹੱਦ 'ਤੇ ਫਸੇ ਵਿਦਿਆਰਥੀਆਂ ਨੂੰ ਜਲਦੀ ਹੀ ਪੋਲੈਂਡ 'ਚ ਦਾਖ਼ਲੇ ਦੀ ਸਹੂਲਤ ਦਿੱਤੀ ਜਾਵੇਗੀ

VK Singh meets Indian students stranded on Poland-Ukraine border



ਪੋਲੈਂਡ: ਯੂਕਰੇਨ-ਰੂਸ ਵਿਚਾਲੇ ਚੱਲ ਰਹੀ ਜੰਗ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸੀਬਤ ਲੈ ਕੇ ਆਈ ਹੈ। ਆਪਣੀ ਜਾਨ ਬਚਾਉਣ ਲਈ ਵਿਦਿਆਰਥੀ ਕਈ ਕਿਲੋਮੀਟਰ ਸਫਰ ਪੈਦਲ ਤੈਅ ਕਰ ਰਹੇ ਹਨ। ਇਸ ਦੌਰਾਨ ਜਿਵੇਂ ਹੀ ਇਹ ਵਿਦਿਆਰਥੀ ਪੋਲੈਂਡ-ਯੂਕਰੇਨ ਦੀ ਸਰਹੱਦ 'ਤੇ ਪਹੁੰਚੇ ਤਾਂ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਭੋਜਨ ਅਤੇ ਪਾਣੀ ਵੀ ਵੰਡਿਆ।

VK Singh meets Indian students stranded on Poland-Ukraine border

ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਉਪਰੰਤ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਦੱਸਿਆ ਕਿ ਸਰਹੱਦ 'ਤੇ ਫਸੇ ਵਿਦਿਆਰਥੀਆਂ ਨੂੰ ਜਲਦੀ ਹੀ ਪੋਲੈਂਡ 'ਚ ਦਾਖ਼ਲੇ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇੱਥੋਂ ਉਹਨਾਂ ਨੂੰ ਭਾਰਤ ਭੇਜਿਆ ਜਾਵੇਗਾ | ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀ ਥੱਕ ਗਏ ਹਨ ਪਰ ਵਿਦਿਆਰਥੀ ਇਸ ਗੱਲੋਂ ਖੁਸ਼ ਹਨ ਕਿ ਉਹ ਜਲਦੀ ਹੀ ਆਪਣੇ ਵਤਨ ਪਰਤ ਜਾਣਗੇ। ਵੀਕੇ ਸਿੰਘ ਨੇ ਵੀ ਇਸ ਬਾਰੇ ਟਵੀਟ ਕੀਤਾ, ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੈ, ਮੈਂ ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹਾਂ। ਜੈ ਹਿੰਦ..।

ਸਰਕਾਰ ਵਲੋਂ ਨਿਕਾਸੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਦੂਤਾਂ ਵਿੱਚੋਂ ਇਕ ਵੀਕੇ ਸਿੰਘ ਨੇ ਪੋਲੈਂਡ ਵਿਚ ਭਾਰਤ ਦੀ ਰਾਜਦੂਤ ਨਗਮਾ ਮਲਿਕ ਦੇ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਡੋਮੀਅਰਜ਼ ਦਾ ਦੌਰਾ ਕੀਤਾ। ਵਾਰਸਾ (ਪੋਲੈਂਡ) ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਪੱਛਮੀ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਲਈ ਪੋਲੈਂਡ ਦੀ ਸਰਹੱਦ 'ਤੇ ਇੱਕ ਨਵੇਂ ਐਂਟਰੀ ਪੁਆਇੰਟ ਦੀ ਪਛਾਣ ਕੀਤੀ ਹੈ।

VK Singh

ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਲਵੀਵ ਅਤੇ ਟੇਰਨੋਪਿਲ ਅਤੇ ਪੱਛਮੀ ਯੂਕਰੇਨ ਦੇ ਹੋਰ ਸਥਾਨਾਂ ਵਿਚ ਫਸੇ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕ, ਪੋਲੈਂਡ ਵਿਚ ਤੇਜ਼ੀ ਨਾਲ ਦਾਖਲੇ ਲਈ ਜਲਦੀ ਤੋਂ ਜਲਦੀ ਬੁਡੋਮੀਅਰਜ਼ ਸਰਹੱਦੀ ਚੌਕੀ ਦੀ ਯਾਤਰਾ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵਿਕਲਪਕ ਤੌਰ 'ਤੇ ਉਹਨਾਂ ਨੂੰ ਹੰਗਰੀ ਜਾਂ ਰੋਮਾਨੀਆ ਰਾਹੀਂ ਆਵਾਜਾਈ ਲਈ ਦੱਖਣ ਦੀ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਹਨਾਂ ਨੇ ਭਾਰਤੀ ਨਾਗਰਿਕਾਂ ਨੂੰ ਸ਼ਹਿਨੀ-ਮੇਡਯਾਕਾ ਸਰਹੱਦ ਪਾਰ ਕਰਨ ਤੋਂ ਬਚਣ ਦੀ ਵੀ ਸਲਾਹ ਦਿੱਤੀ।