ਪਟਨਾ ਰੈਲੀ ’ਚ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੇ ਫੂਕਿਆ ਚੋਣ ਬਿਗਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ, ਆਰ.ਜੇ.ਡੀ., ਸਮਾਜਵਾਦੀ ਪਾਰਟੀ ਅਤੇ ਸੀ.ਪੀ.ਆਈ.-ਐਮ ਦੇ ਆਗੂਆਂ ਨੇ ਰੈਲੀ ਨੂੰ ਕੀਤਾ ਸੰਬੋਧਨ

Patna: Samajwadi Party President Akhilesh Yadav with Congress leader Rahul Gandhi and RJD leader Tejashwi Yadav during 'Jan Vishwas Rally', in Patna, Sunday, March 3, 2024. (PTI Photo)

ਪਟਨਾ: ਵਿਰੋਧੀ ਗੱਠਜੋੜ ‘ਇੰਡੀਆ’ ਨੇ ਐਤਵਾਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ’ਚ ਕਰਵਾਈ ‘ਜਨਵਿਸ਼ਵਾਸ ਮਹਾਰੈਲੀ’ ਨਾਲ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਰੈਲੀ ’ਚ ਸ਼ਾਮਲ ਹੋਏ। 

ਰਾਹੁਲ ਗਾਂਧੀ ਨੇ ਅਪਣੀ ‘ਭਾਰਤ ਜੋੜੋ ਨਿਆਂ ਯਾਤਰਾ’ ਅੱਧ ਵਿਚਾਲੇ ਰੋਕ ਦਿਤੀ ਅਤੇ ਮੱਧ ਪ੍ਰਦੇਸ਼ ਤੋਂ ਰੈਲੀ ਵਿਚ ਸ਼ਾਮਲ ਹੋਣ ਲਈ ਆਏ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਿਰਫ ਦੋ-ਤਿੰਨ ਅਮੀਰ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਦਲਿਤਾਂ ਅਤੇ ਪੱਛੜੇ ਵਰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜੋ ਦੇਸ਼ ਦੀ ਕੁਲ ਆਬਾਦੀ ਦਾ 73 ਫੀ ਸਦੀ ਹਨ। 

ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਹਾਲ ਹੀ ’ਚ ਪਾਰਟੀ ਬਦਲਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਬੇਟੇ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਤੁਹਾਡੇ ਚਾਚਾ (ਮੁੱਖ ਮੰਤਰੀ ਨਿਤੀਸ਼ ਕੁਮਾਰ) ਨੇ ਇਕ ਵਾਰ ਫਿਰ ਪਾਰਟੀ ਬਦਲ ਲਈ ਹੈ। ਉਹ ਫਿਰ ਅਜਿਹਾ ਕਰ ਸਕਦੇ ਹਨ। ਪਰ ਹੁਣ ਉਨ੍ਹਾਂ ਨੂੰ ਮਨਜ਼ੂਰ ਨਾ ਕਰਿਉ।’’

ਰੈਲੀ ਦੌਰਾਨ ਬਿਹਾਰ ਦੇ ਮੁੱਖ ਮੰਤਰੀ ’ਤੇ ਸੱਭ ਤੋਂ ਤਿੱਖਾ ਹਮਲਾ ਉਨ੍ਹਾਂ ਦੇ ਕੱਟੜ ਵਿਰੋਧੀ ਲਾਲੂ ਪ੍ਰਸਾਦ ਯਾਦਵ ਨੇ ਕੀਤਾ। ਉਨ੍ਹਾਂ ਨੇ ਭੀੜ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਮੈਂ ਤੁਹਾਡਾ ਮਨੋਬਲ ਵਧਾਉਣ ਲਈ ਉੱਥੇ ਰਹਾਂਗਾ। ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਰਨ ਲਈ ਵੋਟ ਦਿਉ।’’

ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਕੁਮਾਰ ਨੇ ਹਾਲ ਹੀ ’ਚ ਮਹਾਗੱਠਜੋੜ ਤੋਂ ਵੱਖ ਹੋਣ ਅਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨਾਲ ਨਵੀਂ ਸਰਕਾਰ ਬਣਾਉਣ ਤੋਂ ਬਾਅਦ ਆਰ.ਜੇ.ਡੀ. ਨੂੰ ਸੱਤਾ ਤੋਂ ਬਾਹਰ ਕਰ ਦਿਤਾ ਸੀ। ਇਸ ਤੋਂ ਪਹਿਲਾਂ 2017 ’ਚ ਕੁਮਾਰ ਨੇ ਆਰ.ਜੇ.ਡੀ. ਛੱਡ ਦਿਤੀ ਸੀ ਅਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗਠਜੋੜ ’ਚ ਸ਼ਾਮਲ ਹੋ ਗਏ ਸਨ। ਸਾਲ 2017 ’ਚ ਨਿਤੀਸ਼ ਕੁਮਾਰ ਦੇ ਪਾਰਟੀ ਬਦਲਣ ਦਾ ਜ਼ਿਕਰ ਕਰਦੇ ਹੋਏ ਆਰ.ਜੇ.ਡੀ. ਪ੍ਰਧਾਨ ਨੇ ਕਿਹਾ, ‘‘ਮੈਂ ਉਦੋਂ ਨਿਤੀਸ਼ ਕੁਮਾਰ ਨੂੰ ਗਾਲ੍ਹਾਂ ਨਹੀਂ ਕੱਢੀਆਂ ਸਨ, ਸਿਰਫ ਉਨ੍ਹਾਂ ਨੂੰ ‘ਪਲਟੂਰਾਮ’ ਕਿਹਾ ਸੀ। ਇਹ ਲੇਬਲ ਉਨ੍ਹਾਂ ਦੀਆਂ ਅਪਣੀਆਂ ਕਾਰਵਾਈਆਂ ਦੇ ਅਧਾਰ ’ਤੇ ਉਨ੍ਹਾਂ ਦੀ ਸ਼ਖਸੀਅਤ ਨਾਲ ਚਿਪਕਿਆ ਹੋਇਆ ਹੈ। ਮੈਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਬਾਰੇ ਮਜ਼ੇਦਾਰ ਵੀਡੀਉ ਵੇਖਦਾ ਹਾਂ ਅਤੇ ਸੋਚ ਰਿਹਾ ਹਾਂ ਕਿ ਕੀ ਇਹ ਉਹ ਸ਼ਰਮਿੰਦਾ ਨਹੀਂ ਹੁੰਦੇ।’’

ਮੋਦੀ ਸੱਚੇ ਹਿੰਦੂ ਵੀ ਨਹੀਂ ਹਨ : ਲਾਲੂ ਪ੍ਰਸਾਦ ਯਾਦਵ

ਬੁਢਾਪੇ ਅਤੇ ਖਰਾਬ ਸਿਹਤ ਨਾਲ ਜੂਝ ਰਹੇ ਪ੍ਰਸਾਦ ਨੇ ਸਿਆਸਤ ’ਚ ਭਾਈ-ਭਤੀਜਾਵਾਦ ਦੀ ਆਲੋਚਨਾ ਕਰਨ ਲਈ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘‘ਜੇਕਰ ਨਰਿੰਦਰ ਮੋਦੀ ਦਾ ਅਪਣਾ ਕੋਈ ਪਰਵਾਰ ਨਹੀਂ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਉਹ ਰਾਮ ਮੰਦਰ ਬਾਰੇ ਗੱਲ ਕਰਦੇ ਰਹਿੰਦੇ ਹਨ। ਉਹ ਸੱਚੇ ਹਿੰਦੂ ਵੀ ਨਹੀਂ ਹਨ। ਹਿੰਦੂ ਪਰੰਪਰਾ ’ਚ, ਇਕ ਪੁੱਤਰ ਨੂੰ ਅਪਣੇ ਮਾਪਿਆਂ ਦੀ ਮੌਤ ’ਤੇ ਅਪਣਾ ਸਿਰ ਅਤੇ ਦਾੜ੍ਹੀ ਮੁੰਡਾਉਣੀ ਚਾਹੀਦੀ ਹੈ। ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਤਾਂ ਮੋਦੀ ਨੇ ਅਜਿਹਾ ਨਹੀਂ ਕੀਤਾ।’’ ਸਾਬਕਾ ਰਾਜ ਸਭਾ ਮੈਂਬਰ ਅਤੇ ਆਰ.ਜੇ.ਡੀ. ਦੀ ਕੇਰਲ ਇਕਾਈ ਦੇ ਮੁਖੀ ਐਮ ਵੀ ਸ਼੍ਰੇਅਮਸ ਕੁਮਾਰ ਵੀ ਰੈਲੀ ’ਚ ਮੌਜੂਦ ਸਨ। 

ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ, ‘‘ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਕੁਲ 120 ਸੀਟਾਂ (ਉੱਤਰ ਪ੍ਰਦੇਸ਼ ’ਚ 80 ਅਤੇ ਬਿਹਾਰ ’ਚ 40) ਹਨ। ਜੇਕਰ ਅਸੀਂ ਇਨ੍ਹਾਂ ਦੋਹਾਂ ਸੂਬਿਆਂ ’ਚ ਭਾਜਪਾ ਦੀ ਹਾਰ ਨੂੰ ਯਕੀਨੀ ਬਣਾਉਂਦੇ ਹਾਂ ਤਾਂ ਭਾਜਪਾ ਕੇਂਦਰ ’ਚ ਸਰਕਾਰ ਨਹੀਂ ਬਣਾ ਸਕੇਗੀ।’’ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ‘ਉੱਤਰ ਪ੍ਰਦੇਸ਼ 80 ਹਰਾਉ’ ਦਾ ਨਾਅਰਾ ਦੇ ਰਿਹਾ ਹੈ ਤਾਂ ਬਿਹਾਰ ਵੀ ਪਿੱਛੇ ਨਹੀਂ ਹੈ ਅਤੇ ਇੱਥੇ ਵੀ ‘40 ਹਰਾਉ’ ਦਾ ਨਾਅਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦਾ ਸਫਾਇਆ ਹੋ ਜਾਵੇਗਾ। 

ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅਪਣੇ ਸੰਬੋਧਨ ’ਚ ਗਾਂਧੀ ਮੈਦਾਨ ਨੂੰ ਬਿਹਾਰ ਦੀ ਸਿਆਸਤ ਦਾ ਮੋੜ ਦਸਿਆ। ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਡੀ. ਰਾਜਾ ਅਤੇ ਸੀ.ਪੀ.ਆਈ.(ਐਮ.ਐਲ.) ਦੇ ਦੀਪਾਂਕਰ ਭੱਟਾਚਾਰੀਆ ਵਰਗੇ ਖੱਬੇਪੱਖੀ ਨੇਤਾਵਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਇਸ ਨਾਲ ਸਿਰਫ ਵੱਡੇ ਕਾਰੋਬਾਰਾਂ ਨੂੰ ਲਾਭ ਹੋ ਰਿਹਾ ਹੈ।