ਪ੍ਰੇਮ ਸਬੰਧ ਟੁੱਟਣ ਦਾ ਸਦਮਾ ਖੁਦਕੁਸ਼ੀ ਲਈ ਉਕਸਾਉਣ ਦਾ ਕਾਰਨ ਨਹੀਂ ਬਣਦਾ: ਅਦਾਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਅਪਣੀ ਇੱਛਾ ਅਤੇ ਪਸੰਦ ਅਨੁਸਾਰ ਸਾਥੀ ਬਦਲਣਾ ‘ਨੈਤਿਕ ਤੌਰ ’ਤੇ’ ਗਲਤ

Court

ਮੁੰਬਈ: ਮੁੰਬਈ ਦੀ ਇਕ ਅਦਾਲਤ ਨੇ ਇਕ ਔਰਤ ਨੂੰ ਅਪਣੇ ਸਾਬਕਾ ਪ੍ਰੇਮੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਤੋਂ ਬਰੀ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਪ੍ਰੇਮ ਸੰਬੰਧ ਟੁੱਟਣ ਤੋਂ ਬਾਅਦ ਮਾਨਸਿਕ ਸਦਮੇ ਕਾਰਨ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਨਹੀਂ ਹੈ। 

ਅਦਾਲਤ ਨੇ ਕਿਹਾ ਕਿ ਅਪਣੀ ਇੱਛਾ ਅਤੇ ਪਸੰਦ ਅਨੁਸਾਰ ਸਾਥੀ ਬਦਲਣਾ ‘ਨੈਤਿਕ ਤੌਰ ’ਤੇ’ ਗਲਤ ਹੈ ਪਰ ਰਿਸ਼ਤੇ ’ਚ ਨਾਮਨਜ਼ੂਰੀ ਦਾ ਸਾਹਮਣਾ ਕਰ ਰਹੇ ਵਿਅਕਤੀ ਲਈ ਦੰਡਾਵਲੀ ਕਾਨੂੰਨ ਦੇ ਤਹਿਤ ਕੋਈ ਉਪਾਅ ਨਹੀਂ ਹੈ। 

ਵਧੀਕ ਸੈਸ਼ਨ ਜੱਜ ਐਨ.ਪੀ. ਮਹਿਤਾ ਨੇ 29 ਫ਼ਰਵਰੀ ਨੂੰ ਟਿਪਣੀ ਕੀਤੀ ਅਤੇ ਮਨੀਸ਼ਾ ਚੁਡਾਸਮਾ ਅਤੇ ਉਸ ਦੇ ਮੰਗੇਤਰ ਰਾਜੇਸ਼ ਪੰਵਾਰ ਨੂੰ ਬਰੀ ਕਰ ਦਿਤਾ। ਦੋਹਾਂ ’ਤੇ ਨਿਤਿਨ ਕੇਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ। ਕੇਨੀ 15 ਜਨਵਰੀ 2016 ਨੂੰ ਅਪਣੇ ਘਰ ’ਚ ਫਾਂਸੀ ਨਾਲ ਲਟਕਦਾ ਮਿਲਿਆ ਸੀ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। 

ਸਰਕਾਰੀ ਵਕੀਲ ਨੇ ਦਲੀਲ ਦਿਤੀ ਕਿ ਚੁਡਾਸਮਾ ਅਤੇ ਪੰਵਾਰ ਨੇ ਪੀੜਤ ਨੂੰ ਮਾਨਸਿਕ ਤੌਰ ’ਤੇ ਤਸੀਹੇ ਦਿਤੇ ਸਨ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਕਿਹਾ ਕਿ ਕੇਨੀ ਦਾ ਚੁਡਾਸਮਾ ਨਾਲ ਪ੍ਰੇਮ ਸੰਬੰਧ ਸੀ, ਪਰ ਉਸ ਨੇ ਉਸ ਨੂੰ ਛੱਡ ਦਿਤਾ ਅਤੇ ਪੰਵਾਰ ਨਾਲ ਮੰਗਣੀ ਕਰ ਲਈ। 

ਬਚਾਅ ਪੱਖ ਨੇ ਦਲੀਲ ਦਿਤੀ ਕਿ ਕੇਨੀ ਚੁਡਾਸਮਾ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੇ ਉਸ ਦੇ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਨੇ ਕਿਹਾ ਕਿ ਸਰਕਾਰੀ ਵਕੀਲ ਵਲੋਂ ਦਿਤੀ ਗਈ ਗਵਾਹੀ ਤੋਂ ਲਗਦਾ ਹੈ ਕਿ ਕੇਨੀ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਜਿਵੇਂ ਹੀ ਉਸ ਨੂੰ ਪੰਵਾਰ ਨਾਲ ਚੁਡਾਸਮਾ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਹ ਡਿਪਰੈਸ਼ਨ ’ਚ ਚਲਾ ਗਿਆ।