ਭਾਜਪਾ ਨੇ ਰਾਜ ਸਭਾ ਚੋਣਾਂ ਲਈ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ
ਪਾਰਟੀ ਪ੍ਰਧਾਨ ਨਿਤਿਨ ਨਬੀਨ ਬਿਹਾਰ ਤੋਂ ਚੋਣ ਲੜਨਗੇ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਬਿਹਾਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਨਬੀਨ ਇਸ ਵੇਲੇ ਬੈਂਕੀਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਜਨਵਰੀ ਵਿਚ ਭਾਜਪਾ ਦੇ 12ਵੇਂ ਕੌਮ ਪ੍ਰਧਾਨ ਵਜੋਂ ਚੁਣੇ ਗਏ ਸਨ। ਉਨ੍ਹਾਂ ਤੋਂ ਪਹਿਲਾਂ ਜੇ.ਪੀ. ਨੱਢਾ ਅਤੇ ਅਮਿਤ ਸ਼ਾਹ ਵੀ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਰਾਜ ਸਭਾ ਵਿਚ ਗਏ ਸਨ।
ਭਾਜਪਾ ਨੇ ਕੁਲ ਨੌਂ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਪਛਮੀ ਬੰਗਾਲ ਤੋਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਸਿਨਹਾ, ਛੱਤੀਸਗੜ੍ਹ ਤੋਂ ਲਕਸ਼ਮੀ ਵਰਮਾ, ਅਸਾਮ ਤੋਂ ਪੀ.ਡਬਲਯੂ.ਡੀ. ਮੰਤਰੀ ਜੋਗਨ ਮੋਹਨ ਅਤੇ ਵਿਧਾਇਕ ਤੇਰਾਸ ਗੋਵਾਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਓਡੀਸ਼ਾ ਤੋਂ ਮਨਮੋਹਨ ਸਮਾਲ ਅਤੇ ਮੌਜੂਦਾ ਰਾਜ ਸਭਾ ਮੈਂਬਰ ਸੁਜੀਤ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਿਹਾਰ ਤੋਂ ਸ਼ਿਵੇਸ਼ ਕੁਮਾਰ ਅਤੇ ਹਰਿਆਣਾ ਤੋਂ ਸੰਜੇ ਭਾਟੀਆ ਵੀ ਚੋਣ ਲੜਨਗੇ।
ਇਹ ਨਾਮ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਲੋਂ ਮਨਜ਼ੂਰ ਕੀਤੇ ਗਏ ਹਨ। ਰਾਜ ਸਭਾ ਦੀਆਂ 37 ਸੀਟਾਂ, ਜੋ ਅਪ੍ਰੈਲ ਵਿਚ ਖਾਲੀ ਹੋਣ ਜਾ ਰਹੀਆਂ ਹਨ, ਉਨ੍ਹਾਂ ਲਈ ਚੋਣ 16 ਮਾਰਚ ਨੂੰ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਕੀਤੀ ਜਾਵੇਗੀ। (ਪੀ.ਟੀ.ਆਈ.)