14ਵੇਂ ਰਾਸ਼ਟਰਪਤੀ ਨੇ ਅਹੁਦੇ ਦੀ ਸਹੁੰ ਚੁੱਕੀ
ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਅਤੇ ਭਾਰਤ ਦੀ ਵੰਨ-ਸੁਵੰਨਤਾ ਨੂੰ ਇਸ ਦੀ ਸਫ਼ਲਤਾ ਦਾ ਭੇਤ ਦਸਿਆ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ...
ਨਵੀਂ ਦਿੱਲੀ, 25 ਜੁਲਾਈ : ਰਾਮਨਾਥ ਕੋਵਿੰਦ ਨੇ ਅੱਜ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਅਤੇ ਭਾਰਤ ਦੀ ਵੰਨ-ਸੁਵੰਨਤਾ ਨੂੰ ਇਸ ਦੀ ਸਫ਼ਲਤਾ ਦਾ ਭੇਤ ਦਸਿਆ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ.ਅੇਸ. ਖੇਹਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸੰਸਦ ਦੇ ਕੇਂਦਰੀ ਹਾਲ ਵਿਚ ਜੁੜੀਆਂ ਸ਼ਖ਼ਸਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੰਨ-ਸੁਵੰਨਤਾ ਹੀ ਸਾਡਾ ਆਧਾਰ ਹੈ ਜੋ ਸਾਨੂੰ ਨਿਵੇਕਲਾ ਬਣਾਉਂਦਾ ਹੈ।
ਉਨ੍ਹਾਂ ਕਿਹਾ, ''ਇਸ ਦੇਸ਼ ਵਿਚ ਸਾਨੂੰ ਰਾਜਾਂ ਅਤੇ ਖੇਤਰਾਂ, ਧਰਮਾਂ, ਭਾਸ਼ਾਵਾਂ, ਸਭਿਆਚਾਰਾਂ ਅਤੇ ਜੀਵਨ ਬਤੀਤ ਕਰਨ ਦੇ ਤਰੀਕਿਆਂ ਦਾ ਰਲੇਵਾਂ ਵਿਖਾਈ ਦਿੰਦਾ ਹੈ। ਅਸੀ ਬਹੁਤ ਵਖਰੇ ਹਾਂ ਪਰ ਇਕ ਇਕ ਹਾਂ, ਇਕੱਠੇ ਹਾਂ।'' ਕੋਵਿੰਦ ਨੇ ਕਿਹਾ, ''21ਵੀਂ ਸਦੀ ਦਾ ਭਾਰਤ, ਅਜਿਹਾ ਮੁਲਕ ਹੋਵੇਗਾ ਜੋ ਸਾਡੀਆਂ ਪੁਰਾਤਨ ਰਵਾਇਤਾਂ ਮੁਤਾਬਕ ਹੋਣ ਦੇ ਨਾਲ-ਨਾਲ ਚੌਥੀ ਉਦਯੋਗਿਕ ਕ੍ਰਾਂਤੀ ਨੂੰ ਅੱਗੇ ਲਿਜਾਵੇਗਾ।''
14ਵੇਂ ਰਾਸ਼ਟਰਪਤੀ ਨੇ ਆਖਿਆ, ''ਅਸੀ ਅਪਣੀਆਂ ਰਵਾਇਤਾਂ, ਪੁਰਾਤਨ ਭਾਰਤ ਦੇ ਗਿਆਨ ਅਤੇ ਮੌਜੂਦਾ ਭਾਰਤ ਦੇ ਵਿਗਿਆਨ ਅਤੇ ਤਕਨੀਕ ਨੂੰ ਨਾਲ ਲੈ ਕੇ ਚਲਣਾ ਹੈ।'' ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਜਿਥੇ ਪੰਚਾਇਤਾਂ ਵਿਚ ਵਿਚਾਰ ਵਟਾਂਦਰੇ ਰਾਹੀਂ ਸਮੱਸਿਆਵਾਂ ਨੂੰ ਸੁਲਝਾਇਆ ਜਾਵੇਗਾ, ਉਥੇ ਹੀ ਡਿਜੀਟਲ ਮੁਲਕ ਸਾਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਿਚ ਮਦਦ ਕਰੇਗਾ। ਇਹ ਸਾਡੇ ਰਾਸ਼ਟਰੀ ਯਤਨਾਂ ਦੇ ਦੋ ਮਹੱਤਵਪੂਰਨ ਥੰਮ ਹਨ। ਰਾਸ਼ਟਰਪਤੀ ਮੁਤਾਬਕ, ''ਦੇਸ਼ ਦਾ ਨਿਰਮਾਣ ਇਕੱਲੀਆਂ ਸਰਕਾਰਾਂ ਨਹੀਂ ਕਰ ਸਕਦੀਆਂ। ਸਰਕਾਰ ਮਦਦਗਾਰ ਹੋ ਸਕਦੀ ਹੈ, ਉਹ ਦੇਸ਼ ਦੇ ਉਦਮੀਆਂ ਅਤੇ ਰਚਨਾਤਮਕ ਸੋਚ ਵਾਲੇ ਵਿਅਕਤੀਆਂ ਨੂੰ ਸੇਧ ਦੇ ਸਕਦੀ ਹੈ ਅਤੇ ਪ੍ਰੇਰਨਾ ਬਣ ਸਕਦੀ ਹੈ। ਦੇਸ਼ ਦੇ ਸਰਬਉਚ ਸੰਵਿਧਾਨਕ ਅਹੁਦੇ 'ਤੇ
ਬਦਲਾਅ ਦੀ ਪ੍ਰਕਿਰਿਆ ਅੱਜ ਉਸ ਵੇਲੇ ਸ਼ੁਰੂ ਹੋਈ ਜਦੋਂ ਨਵੇਂ ਚੁਣੇ ਰਾਸ਼ਟਰਪਤੀ ਨੂੰ ਲੈਣ ਲਈ ਉਨ੍ਹਾਂ ਦੇ ਫ਼ੌਜ ਸਕੱਤਰ ਅਕਬਰ ਰੋਡ ਸਥਿਤ ਬੰਗਲੇ 'ਤੇ ਪੁੱਜੇ। ਰਾਸ਼ਟਰਪਤੀ ਭਵਨ ਵਿਚ ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੁੱਝ ਹੀ ਘੰਟੇ ਵਿਚ ਜ਼ਿੰਮੇਵਾਰੀਆਂ ਬਦਲ ਗਈਆਂ ਅਤੇ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰਪਤੀ ਭਵਨ ਤੋਂ ਮੁਖਰਜੀ ਨੂੰ ਵਿਦਾਇਗੀ ਦਿਤੀ।
ਇਸ ਤੋਂ ਪਹਿਲਾਂ ਦੋਹਾਂ ਆਗੂਆਂ ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਸਲਾਮੀ ਦਿਤੀ ਗਈ। ਮੁਖਰਜੀ ਨੇ ਰਾਸ਼ਟਰਪਤੀ ਦੇ ਅੰਗ-ਰਖਿਅਕਾਂ ਤੋਂ ਅੰਤਮ ਸਲਾਮੀ ਲਈ। ਇਸ ਮੌਕੇ ਕੋਵਿੰਦ ਉਨ੍ਹਾਂ ਦੇ ਖੱਬੇ ਪਾਸੇ ਖੜੇ ਸਨ।
(ਪੀਟੀਆਈ)