'39 ਪੰਜਾਬੀਆਂ ਦੇ ਜ਼ਿੰਦਾ ਹੋਣ ਦੇ ਆਸਾਰ ਨਹੀਂ'
ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫ਼ਰੀ ਨੇ ਅਸਿੱਧੇ ਤੌਰ 'ਤੇ ਕਬੂਲ ਕਰ ਲਿਆ ਹੈ ਕਿ ਤਿੰਨ ਸਾਲ ਪਹਿਲਾਂ ਅਗ਼ਵਾ ਕੀਤੇ 39 ਪੰਜਾਬੀਆਂ ਦੇ ਜ਼ਿੰਦਾ ਹੋਣ ਦੇ ਆਸਾਰ ਨਹੀਂ ਹਨ।
ਨਵੀਂ ਦਿੱਲੀ, 23 ਜੁਲਾਈ : ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫ਼ਰੀ ਨੇ ਅਸਿੱਧੇ ਤੌਰ 'ਤੇ ਕਬੂਲ ਕਰ ਲਿਆ ਹੈ ਕਿ ਤਿੰਨ ਸਾਲ ਪਹਿਲਾਂ ਅਗ਼ਵਾ ਕੀਤੇ 39 ਪੰਜਾਬੀਆਂ ਦੇ ਜ਼ਿੰਦਾ ਹੋਣ ਦੇ ਆਸਾਰ ਨਹੀਂ ਹਨ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਹ (39 ਪੰਜਾਬੀ) ਜ਼ਿੰਦਾ ਹਨ ਜਾਂ ਨਹੀਂ। ਅਸੀ ਉਨ੍ਹਾਂ ਨੂੰ ਤਲਾਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।'' ਉਧਰ ਅਗ਼ਵਾ ਪੰਜਾਬੀਆਂ ਦਾ ਮਾਮਲਾ ਅੱਜ ਲੋਕ ਸਭਾ ਵਿਚ ਵੀ ਉਠਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ (ਪੰਜਾਬੀਆਂ) ਦੇ ਜ਼ਿੰਦਾ ਹੋਣ ਜਾਂ ਨਾ ਹੋਣ ਬਾਰੇ ਸਰਕਾਰ ਤੋਂ ਜਵਾਬ ਮੰਗਿਆ। ਇਸ ਦੇ ਨਾਲ ਹੀ ਅਕਾਲੀ ਸੰਸਦ ਮੈਂਬਰਾਂ ਨੇ ਜਾਣਨਾ ਚਾਹਿਆ ਕਿ ਕੀ ਭਾਰਤੀ ਖ਼ੁਫ਼ੀਆ ਏਜੰਸੀਆਂ ਇਸ ਮਾਮਲੇ ਵਿਚ ਅਸਫ਼ਲ ਸਾਬਤ ਹੋਈਆਂ ਹਨ। ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਫ਼ਰ ਕਾਲ ਦੌਰਾਨ ਸਦਨ ਵਿਚ ਇਹ ਮਸਲਾ ਉਠਾਉਂÎਦਿਆਂ ਕਿਹਾ ਕਿ ਪੰਜਾਬੀ ਨੌਜਵਾਨ ਇਰਾਕ ਦੀ ਜੇਲ ਵਿਚ ਹੋ ਸਕਦੇ ਹਨ ਪਰ ਟੈਲੀਵਿਜ਼ਨ ਚੈਨਲਾਂ ਦੀਆਂ ਰੀਪੋਰਟਾਂ ਵਿਚ ਵਿਖਾਇਆ ਜਾ ਰਿਹਾ ਹੈ ਕਿ ਬਾਦੁਸ਼ ਜੇਲ ਖੰਡਰ ਬਣ ਚੁੱਕੀ ਹੈ ਅਤੇ ਉਹ ਹਸਪਤਾਲ ਵੀ ਖ਼ਾਲੀ ਪਿਆ ਹੈ ਜਿਥੇ ਉਨ੍ਹਾਂ ਦੇ ਛੁਪੇ ਹੋਣ ਦੀ ਗੱਲ ਆਖੀ ਜਾ ਰਹੀ ਸੀ।
ਉਨ੍ਹਾਂ ਕਿਹਾ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦੇ ਪਰਵਾਰਕ ਜੀਆਂ ਨੂੰ ਭਰੋਸਾ ਦਿਤਾ ਸੀ ਕਿ ਸਾਰੇ ਸਹੀ-ਸਲਾਮਤ ਹਨ ਪਰ ਹਰਜੀਤ ਮਸੀਹ ਨਾਮ ਦਾ ਨੌਜਵਾਨ ਜੋ ਕਿਸੇ ਤਰ੍ਹਾਂ ਇਰਾਕ ਤੋਂ ਅਪਣੀ ਜਾਨ ਬਚਾ ਕੇ ਪਰਤਿਆ, ਦਾ ਕਹਿਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਸਾਰਿਆਂ ਨੂੰ ਗੋਲੀ ਮਾਰ ਦਿਤੀ ਗਈ ਸੀ। (ਏਜੰਸੀ)