ਰਾਜਸਥਾਨ ਦੇ ਕਰੌਲੀ 'ਚ ਪ੍ਰਦਰਸ਼ਨਕਾਰੀਆਂ ਨੇ ਦੋ ਦਲਿਤ ਨੇਤਾਵਾਂ ਦੇ ਘਰ ਸਾੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਸੀ-ਐਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਦੇਸ਼ ਵਿਆਪੀ ਭਾਰਤ ਬੰਦ ਦਾ ਅਸਰ ਮੰਗਲਵਾਰ ਨੂੰ ਵੀ ਕੁੱਝ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ।

Bharat Bandh House 2 Dalit Leaders set ablaze by mob rajasthan

ਕਰੌਲੀ (ਰਾਜਸਥਾਨ) : ਐਸਸੀ-ਐਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਦੇਸ਼ ਵਿਆਪੀ ਭਾਰਤ ਬੰਦ ਦਾ ਅਸਰ ਮੰਗਲਵਾਰ ਨੂੰ ਵੀ ਕੁੱਝ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ। ਰਾਜਸਥਾਨ ਦੇ ਕਰੌਲੀ ਵਿਚ ਦੋ ਦਲਿਤ ਨੇਤਾਵਾਂ ਦਾ ਘਰ ਸਾੜੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਦੇ ਕਰੌਲੀ ਵਿਚ ਭਾਜਪਾ ਦੀ ਦਲਿਤ ਵਿਧਾਇਕ ਰਾਜ ਕੁਮਾਰੀ ਜਾਟਵ ਦਾ ਘਰ ਸਾੜ ਦਿਤਾ ਗਿਆ।

ਦਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਇਲਾਕੇ ਵਿਚ ਕਰੀਬ 40 ਹਜ਼ਾਰ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਹਮਲਾ ਕਰਕੇ ਇਸ ਕਾਰਵਾਈ ਨੂੰ ਅੰਜ਼ਾਮ ਦਿਤਾ। ਇਸ ਤੋਂ ਇਲਾਵਾ ਕਰੌਲੀ ਵਿਚ ਹੀ ਇਕ ਸਾਬਕਾ ਦਲਿਤ ਵਿਧਾਇਕ ਦਾ ਘਰ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਸ਼ਾਪਿੰਗ ਮਾਲ ਵਿਚ ਵੀ ਤੋੜਫੋੜ ਕੀਤੀ ਗਈ ਹੈ। 

ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰੌਲੀ ਦੇ ਹਿੰਡੌਸਿਟੀ ਵਿਚ ਬੰਦ ਦੌਰਾਨ ਭਾਰੀ ਹਿੰਸਾ ਦੀ ਖ਼ਬਰ ਸੀ। ਬੰਦ ਸਮਰਥਕਾਂ ਨੇ ਬਜ਼ਾਰਾਂ ਵਿਚ ਜਮ ਕੇ ਲੁੱਟ ਖਸੁੱਟ ਅਤੇ ਮਾਰਕੁੱਟ ਕੀਤੀ ਸੀ। ਇਸ ਨਾਲ ਪੂਰੇ ਸ਼ਹਿਰ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਭੀੜ ਨੇ ਪ੍ਰਦਰਸ਼ਨ ਦੌਰਾਨ ਪੁਲਿਸ 'ਤੇ ਵੀ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਈ ਏਟੀਐਮ ਮਸ਼ੀਨਾਂ ਵਿਚ ਵੀ ਤੋੜਫੋੜ ਕੀਤੀ ਸੀ।

ਭਾਰਤ ਬੰਦ ਦੌਰਾਨ ਰਾਜਸਥਾਨ ਵਿਚ ਸੋਮਵਾਰ ਨੂੰ ਹੋਈ ਹਿੰਸਾ ਵਿਚ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਝੜਪ ਵਿਚ ਇਕ ਪੁਲਿਸ ਕਰਮੀ ਸਮੇਤ 40 ਲੋਕ ਜ਼ਖ਼ਮੀ ਹੋਏ ਸਨ। ਮ੍ਰਿਤਕ ਦੀ ਪਹਿਚਾਦ ਪਵਨ ਜਾਟਵ (28) ਦੇ ਰੂਪ ਵਿਚ ਹੋਈ ਸੀ।

ਉਧਰ ਐਸਸੀ-ਐਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਹਾਲ ਦੇ ਫ਼ੈਸਲੇ ਦੇ ਸਬੰਧ ਵਿਚ ਕੇਂਦਰ ਸਰਕਾਰ ਦੀ ਪੁਨਰ ਵਿਚਾਰ ਅਰਜ਼ੀ 'ਤੇ ਸੁਣਵਾਈ ਚੱਲ ਰਹੀ ਹੈ। ਸੁਪਰੀਮ ਕੋਰਟ ਇਸ ਮਾਮਲੇ ਵਿਚ ਤੁਰਤ ਕਾਰਵਾਈ ਲਈ ਰਾਜ਼ੀ ਹੋ ਗਿਆ ਹੈ ਅਤੇ ਇਸ ਦੇ ਲਈ ਮੰਗਲਵਾਰ ਨੂੰ ਦੁਪਹਿਰ 2 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਐਸਸੀ-ਐਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 2 ਅਪ੍ਰੈਲ ਨੂੰ ਦਲਿਤ ਸੰਗਠਨਾਂ ਦੇ ਭਾਰਤ ਬੰਦ ਵਿਚ ਵਿਆਪਕ ਹਿੰਸਾ ਹੋਈ। ਵੱਖ-ਵੱਖ ਥਾਵਾਂ 'ਤੇ 12 ਲੋਕਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਜ਼ਖਮੀ ਹੋ ਗਏ।