ਮੁੰਬਈ ਵਿਚ ਇਮਾਰਤ ਡਿੱਗੀ, ਅੱਠ ਮੌਤਾਂ
ਮੁੰਬਈ, 25 ਜੁਲਾਈ: ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਅੱਜ ਇਕ ਇਮਾਰਤ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।
ਮੁੰਬਈ, 25 ਜੁਲਾਈ: ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਅੱਜ ਇਕ ਇਮਾਰਤ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।
ਅਧਿਕਾਰੀਆ ਨੇ ਕਿਹਾ ਕਿ ਇਸ ਘਟਨਾ ਵਿਚ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਇਮਾਰਤ ਵਿਚ ਰਹਿਣ ਵਾਲੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਮਾਰਤ ਦੀ ਗਰਾਊਂਡ ਫ਼ਲੋਰ 'ਤੇ ਕੁੱਝ ਕੰਮ ਹੋ ਰਿਹਾ ਸੀ, ਜੋ ਇਮਾਰਤ ਢਹਿਣ ਦਾ ਇਕ ਕਾਰਨ ਹੋ ਸਕਦਾ ਹੈ। ਰਾਹਤ ਕੰਮਾਂ ਵਿਚ ਲੱਗੇ ਹੋਏ ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਮਲਬੇ ਹੇਠੋਂ 18 ਲੋਕਾਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਇਹ ਇਮਾਰਤ ਘਾਟਕੋਪਰ ਦੇ ਦਾਮੋਦਰ ਪਾਰਕ ਵਿਚ ਸਥਿਤ ਹੈ ਜਿਥੇ 15 ਤੋਂ ਵਧ ਪਰਵਾਰ ਰਹਿੰਦੇ ਹਨ। ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬਜ਼ੁਰਗ ਅਤੇ ਔਰਤਾਂ ਮਲਬੇ ਹੇਠ ਦਬੀਆਂ ਹੋਈਆਂ ਹਨ।
ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਲਗਭਗ 11:45 ਵਜੇ ਇਮਾਰਤ ਢਹਿਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਰਾਹਤ ਵੈਨ ਅਤੇ ਐਂਬੂਲੈਂਸਾਂ ਨੂੰ ਤੁਰਤ ਘਟਨਾ ਥਾਂ ਲਈ ਰਵਾਨਾ ਕਰ ਦਿਤਾ ਗਿਆ।
ਸਥਾਨਕ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਅਸਮਾਨੀ ਬਿਜਲੀ ਦੇ ਗਰਜਨ ਵਰਗੀ ਇਕ ਆਵਾਜ਼ ਸੁਣਾਈ ਦਿਤੀ। ਆਵਾਜ਼ ਸੁਣਨ ਤੋਂ ਬਾਅਦ ਬਾਹਰ ਆ ਕੇ ਉਨ੍ਹਾਂ ਵੇਖਿਆ ਕਿ ਆਲੇ-ਦੁਆਲੇ ਮਿੱਟੀ ਹੀ ਮਿੱਟੀ ਹੈ ਅਤੇ ਲੋਕ ਮਦਦ ਲਈ ਆਵਾਜ਼ ਮਾਰ ਰਹੇ ਹਨ। ਜਾਣਕਾਰੀ ਅਨੁਸਾਰ ਇਹ ਇਮਾਰਤ ਲਗਭਗ 35 ਸਾਲ ਪੁਰਾਣੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਇਮਾਰਤ ਖਸਤਾ ਹੋ ਚੁਕੀਆਂ ਇਮਾਰਤਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਸੀ। (ਪੀ.ਟੀ.ਆਈ.)