ਹਮੇਸ਼ਾਂ ਲਈ ਰੱਦ ਹੋ ਸਕਦੀ ਹੈ 'ਫੇਕ ਨਿਊਜ਼' ਲਗਾਉਣ ਵਾਲੇ ਪੱਤਰਕਾਰਾਂ ਦੀ ਮਾਨਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਰਜ਼ੀ ਖ਼ਬਰਾਂ 'ਤੇ ਨਕੇਲ ਕਸਣ ਲਈ ਸਰਕਾਰ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਪੱਤਰਕਾਰ ਫ਼ਰਜ਼ੀ

IB Ministry warns Media houses against Fake News

ਨਵੀਂ ਦਿੱਲੀ : ਫ਼ਰਜ਼ੀ ਖ਼ਬਰਾਂ 'ਤੇ ਨਕੇਲ ਕਸਣ ਲਈ ਸਰਕਾਰ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਪੱਤਰਕਾਰ ਫ਼ਰਜ਼ੀ ਖ਼ਬਰਾਂ ਕਰਦਾ ਹੋਇਆ ਜਾਂ ਇਨ੍ਹਾਂ ਦਾ ਦੁਸ਼ਪ੍ਰਚਾਰ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਉਸ ਦੀ ਮਾਨਤਾ ਸਥਾਈ ਰੂਪ ਨਾਲ ਰੱਦ ਕੀਤੀ ਜਾ ਸਕਦੀ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਦੀ ਮਾਨਤਾ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੇਕਰ ਫ਼ਰਜ਼ੀ ਖ਼ਬਰ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਦੀ ਪੁਸ਼ਟੀ ਹੁੰਦੀਹੈ ਤਾਂ ਪਹਿਲੀ ਵਾਰ ਅਜਿਹਾ ਕਰਦੇ ਪਾਏ ਜਾਣ 'ਤੇ ਪੱਤਰਕਾਰ ਦੀ ਮਾਨਤਾ ਛੇ ਮਹੀਨੇ ਲਈ ਰੱਦ ਕਰ ਦਿਤੀ ਜਾਵੇਗੀ ਅਤੇ ਦੂਜੀ ਵਾਰ ਅਜਿਹਾ ਕਰਨ 'ਤੇ ਉਸ ਦੀ ਮਾਨਤਾ ਇਕ ਸਾਲ ਲਈ ਮੁਅੱਤਲ ਕਰ ਦਿਤੀ ਜਾਵੇਗੀ।

ਉਥੇ ਹੀ ਤੀਜੀ ਵਾਰ ਉਲੰਘਣ ਕਰਦੇ ਪਾਏ ਜਾਣ 'ਤੇ ਪੱਤਰਕਾਰ ਦੀ ਮਾਨਤਾ ਸਥਾਈ ਰੂਪ ਨਾਲ ਰੱਦ ਕਰ ਦਿਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਜੇਕਰ ਫ਼ਰਜ਼ੀ ਖ਼ਬਰ ਦੇ ਮਾਮਲੇ ਪ੍ਰਿੰਟ ਮੀਡੀਆ ਨਾਲ ਸਬੰਧਤ ਹਨ ਤਾਂ ਇਸ ਦੀ ਕੋਈ ਵੀ ਸ਼ਿਕਾਇਤ ਭਾਰਤੀ ਪ੍ਰੈੱਸ ਪ੍ਰੀਸ਼ਦ (ਪੀਸੀਆਈ) ਨੂੰ ਭੇਜੀ ਜਾਵੇਗੀ ਅਤੇ ਜੇਕਰ ਇਹ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਪਾਇਆ ਜਾਂਦਾ ਹੈ ਤਾਂ ਸ਼ਿਕਾਇਤ ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ (ਐਨਬੀਏ) ਨੂੰ ਭੇਜੀ ਜਾਵੇਗੀ ਤਾਂਕਿ ਇਹ ਤੈਅ ਹੋ ਸਕੇ ਕਿ ਖ਼ਬਰ ਫ਼ਰਜ਼ੀ ਹੈ ਜਾਂ ਨਹੀਂ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਏਜੰਸੀਆਂ ਨੂੰ 15 ਦਿਨ ਦੇ ਅੰਦਰ ਖ਼ਬਰ ਦੇ ਫ਼ਰਜ਼ੀ ਹੋਣ ਦਾ ਖ਼ੁਲਾਸਾ ਕਰਨਾ ਹੋਵੇਗਾ। 

ਇਹ ਦੋਵੇਂ ਸੰਸਥਾਵਾਂ ਹੀ ਤੈਅ ਕਰਨਗੀਆਂ ਕਿ ਜਿਸ ਖ਼ਬਰ ਦੇ ਬਾਰੇ ਸ਼ਿਕਾਇਤ ਕੀਤੀ ਗਈ ਹੈ, ਉਹ ਫੇਕ ਨਿਊਜ਼ ਹੈ ਜਾਂ ਨਹੀਂ। ਦੋਵਾਂ ਨੂੰ ਇਹ ਜਾਂਚ 15 ਦਿਨ ਵਿਚ ਪੂਰੀ ਕਰਨੀ ਹੋਵੇਗੀ। ਇਕ ਵਾਰ ਸ਼ਿਕਾਇਤ ਦਰਜ ਕਰ ਲਏ ਜਾਣ ਤੋਂ ਬਾਅਦ ਦੋਸ਼ੀ ਪੱਤਰਕਾਰ ਦੀ ਮਾਨਤਾ ਜਾਂਚ ਦੌਰਾਨ ਵੀ ਮੁਅੱਤਲ ਰਹੇਗੀ।