'9 ਮਹੀਨੇ ਵਿਚ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ, ਤੁਸੀਂ ਨਵੇਂ ਨੋਟ ਪੂਰੇ ਨਹੀਂ ਕਰ ਸਕੇ'
ਰਾਜ ਸਭਾ ਵਿਚ ਅੱਜ ਕਾਂਗਰਸ ਨੇ ਨੋਟਬੰਦੀ ਦੇ ਮੁੱਦੇ 'ਤੇ ਸਰਕਾਰ ਨੂੰ ਚੋਭ ਮਾਰਦਿਆਂ ਕਿਹਾ ਕਿ 9 ਮਹੀਨੇ ਵਿਚ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ ਪਰ...
ਨਵੀਂ ਦਿੱਲੀ, 25 ਜੁਲਾਈ : ਰਾਜ ਸਭਾ ਵਿਚ ਅੱਜ ਕਾਂਗਰਸ ਨੇ ਨੋਟਬੰਦੀ ਦੇ ਮੁੱਦੇ 'ਤੇ ਸਰਕਾਰ ਨੂੰ ਚੋਭ ਮਾਰਦਿਆਂ ਕਿਹਾ ਕਿ 9 ਮਹੀਨੇ ਵਿਚ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ ਪਰ ਤੁਸੀਂ 500 ਅਤੇ 1000 ਦੇ ਨੋਟਾਂ ਦੇ ਥਾਂ ਅਜੇ ਤਕ ਨਵੇਂ ਨੋਟ ਪੂਰੇ ਨਹੀਂ ਕਰ ਸਕੇ।
ਸਿਰਫ਼ ਕਾਲ ਦੌਰਾਨ ਕਾਂਗਰਸ ਦੇ ਆਨੰਦ ਸ਼ਰਮਾ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ, ''ਮੰਗਲ ਅਤੇ ਚੰਨ 'ਤੇ ਜਾਣ ਦੀਆਂ ਗੱਲਾਂ ਹੁੰਦੀਆਂ ਹਨ ਅਤੇ ਡਿਜੀਟਲ ਇੰਡੀਆ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਨੋਟਬੰਦੀ ਤੋਂ 9 ਮਹੀਨੇ ਬਾਅਦ ਵੀ ਪੁਰਾਣੇ ਨੋਟਾਂ ਦੇ ਬਰਾਬਰ ਨਵੀਂ ਕਰੰਸੀ ਬੈਂਕਿੰਗ ਪ੍ਰਣਾਲੀ ਵਿਚ ਨਹੀਂ ਆ ਸਕੀ। ਉਧਰ ਲੋਕ ਸਭਾ ਵਿਚ ਛੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਅਤੇ ਜਯੋਤਿਰਾਦਿਤਯ ਸਿੰਧੀਆ ਬਾਰੇ ਭਾਜਪਾ ਦੇ ਕੁੱਝ ਮੈਂਬਰਾਂ ਵਲੋਂ ਕੀਤੀ ਟਿਪਣੀ ਦੇ ਮੁੱਦੇ 'ਤੇ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਲੋਕ ਸਭਾ ਦੀ ਬੈਠਕ ਨੂੰ ਪੂਰੇ ਦਿਨ ਲਈ ਉਠਾ ਦਿਤਾ ਗਿਆ।
ਨਵੇਂ ਚੁਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਹੁੰ ਚੁੱਕ ਸਮਾਗਮ ਵਿਚ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਪੀਕਰ ਨੇ ਅੱਜ ਸਵੇਰੇ ਬੈਠਕ ਸ਼ੁਰੂ ਹੋਣ ਤੋਂ ਕੁੱਝ ਮਿੰਟ ਬਾਅਦ ਹੀ ਇਸ ਨੂੰ ਬਾਅਦ ਦੁਪਹਿਰ ਤਿੰਨ ਵਜੇ ਤਕ ਮੁਲਤਵੀ ਕਰ ਦਿਤਾ ਸੀ। ਤਿੰਨ ਵਜੇ ਬੈਠਕ ਸ਼ੁਰੂ ਹੋਣ 'ਤੇ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਵਿਚ ਰਖਵਾਏ ਅਤੇ ਕਾਂਗਰਸ ਦੇ ਜਯੋਤਿਰਾਦਿਤਯ ਨੂੰ ਅਪਣੀ ਗੱਲ ਕਹਿਣ ਦਾ ਮੌਕਾ ਦਿਤਾ।
ਸਿੰਧੀਆ ਨੇ ਦੋਸ਼ ਲਾਇਆ ਕਿ ਪਿਛਲੇ ਦੋ ਦਿਨ ਤੋਂ ਭਾਜਪਾ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ, ਮਨੋਹਰ ਉਟਵਾਲ ਅਤੇ ਨੰਦਕੁਮਾਰ ਚੌਹਾਨ ਉਨ੍ਹਾਂ (ਸਿੰਧੀਆ) 'ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾ ਰਹੇ ਹਨ। ਸਿੰਧੀਆਂ ਮੁਤਾਬਕ, ''ਭਾਜਪਾ ਦੇ ਐਮ.ਪੀ. ਕਹਿ ਰਹੇ ਹਨ ਕਿ ਮੈਂ ਇਕ ਸਮਾਗਮ ਵਿਚ ਦਲਿਤਾਂ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਦਲਿਤਾਂ ਦੀ ਮੌਜੂਦਗੀ ਵਾਲੀ ਥਾਂ ਨੂੰ ਗੰਗਾ ਜਲ ਨਾਲ ਧੋਤਾ। ਇਹ ਦੋਸ਼ ਸਰਾਸਰ ਗ਼ਲਤ ਹਨ।''
ਸਿੰਧੀਆ ਨੇ ਕਿਹਾ, ''ਮੈਂ 15 ਸਾਲ ਲੋਕ ਨੁਮਾਇੰਦੇ ਵਜੋਂ ਮਿਹਨਤ ਕੀਤੀ ਹੈ ਅਤੇ ਹਰ ਸਮਾਜ ਲਈ ਲੜਾਈ ਵੀ ਲੜੀ। ਜੇ ਭਾਜਪਾ ਵਾਲੇ ਦੋਸ਼ ਸਾਬਤ ਕਰ ਦੇਣ ਤਾਂ ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ ਪਰ ਜੇ ਦੋਸ਼ ਸਾਬਤ ਨਹੀਂ ਹੁੰਦੇ ਤਾਂ ਤਿੰਨੋ ਭਾਜਪਾ ਮੈਂਬਰ ਅਸਤੀਫ਼ਾ ਦੇਣ।'' (ਏਜੰਸੀ)