ਕੇਜਰੀਵਾਲ ਨੇ ਝੂਠ ਬੋਲਿਆ, ਨਹੀਂ ਲੜਾਂਗਾ ਉਸ ਦਾ ਕੇਸ: ਰਾਮ ਜੇਠਮਲਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਣਹਾਨੀ ਦਾ ਕੇਸ ਲੜਨ ਲਈ ਫ਼ੀਸ ਲੈਣ ਦੇ ਮਾਮਲੇ 'ਚ ਉਘੇ ਵਕੀਲ ਰਾਮ ਜੇਠਮਲਾਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ। ਰਾਮ ਜੇਠਮਲਾਨੀ ਨੇ

Ram Jethmilani

 

ਨਵੀਂ ਦਿੱਲੀ, 26 ਜੁਲਾਈ : ਮਾਣਹਾਨੀ ਦਾ ਕੇਸ ਲੜਨ ਲਈ ਫ਼ੀਸ ਲੈਣ ਦੇ ਮਾਮਲੇ 'ਚ ਉਘੇ ਵਕੀਲ ਰਾਮ ਜੇਠਮਲਾਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ। ਰਾਮ ਜੇਠਮਲਾਨੀ ਨੇ ਕਿਹਾ, 'ਫ਼ੀਸ ਨਹੀਂ ਦੇਣਗੇ ਤਾਂ ਕੋਈ ਗੱਲ ਨਹੀਂ, ਮੈਂ ਹਜ਼ਾਰਾਂ ਲੋਕਾਂ ਲਈ ਮੁਫ਼ਤ ਵਿਚ ਕੰਮ ਕਰਦਾ ਹਾਂ। ਮੈਂ ਉਸ ਦਾ ਕੇਸ ਨਹੀਂ ਲੜਾਂਗਾ।' ਜੇਠਮਲਾਨੀ ਨੇ ਇਹ ਵੀ ਕਿਹਾ, 'ਕੇਜਰੀਵਾਲ ਝੂਠ ਬੋਲ ਰਹੇ ਹਨ। ਮੈਂ ਉਨ੍ਹਾਂ ਦੇ ਕਹੇ ਬਿਨਾਂ ਮੁਕੱਦਮਾ ਨਹੀਂ ਲੜਿਆ।'
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ 10 ਕਰੋੜ ਰੁਪਏ ਦਾ ਮਾਣਹਾਨੀ ਕੇਸ ਕੀਤਾ ਹੋਇਆ ਹੈ। ਇਸ ਮਾਮਲੇ 'ਚ ਜੇਠਮਲਾਨੀ ਕੇਜਰੀਵਾਲ ਦੀ ਪੈਰਵਾਈ ਕਰ ਰਹੇ ਸੀ। ਪੈਰਵਾਈ ਕਰਨ ਤੋਂ ਬਾਅਦ ਜੇਠਮਲਾਨੀ ਨੇ ਕੇਜਰੀਵਾਲ ਨੂੰ ਚਿੱਠੀ ਭੇਜ ਕੇ ਫ਼ੀਸ ਦੇ ਤੌਰ 'ਤੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਜੇਠਮਲਾਨੀ ਨੂੰ ਕੇਸ ਦੀ ਪੈਰਵਾਈ ਕਰਨ ਲਈ ਨਹੀਂ ਕਿਹਾ ਸੀ।  ਦਿੱਲੀ ਸਰਕਾਰ ਨੇ ਇਸੇ ਸਾਲ ਫ਼ਰਵਰੀ ਮਹੀਨੇ ਵਿਚ ਜੇਠਮਲਾਨੀ ਨੂੰ 3.5 ਕਰੋੜ ਰੁਪਏ ਦਿਤੇ ਸਨ ਜਿਸ ਮਗਰੋਂ ਵਿਰੋਧੀ ਧਿਰ ਨੇ ਕਾਫ਼ੀ ਰੌਲਾ ਪਾਇਆ ਸੀ। ਇਸ ਤੋਂ ਪਹਿਲਾਂ ਅੱਜ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੇ ਵਕੀਲਾਂ ਨੂੰ ਜੇਤਲੀ ਵਿਰੁਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਨਾ ਕਰਨ ਲਈ ਕਿਹਾ। ਅਦਾਲਤ ਨੇ ਕਿਹਾ ਕਿ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਨਾਲ ਅਦਾਲਤ ਦਾ ਮਾਹੌਲ ਖ਼ਰਾਬ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਕੇਜਰੀਵਾਲ ਵਰਗੇ ਸੰਵਿਧਾਨਕ ਅਹੁਦੇ 'ਤੇ ਬੈਠੇ ਸ਼ਖ਼ਸ ਨੂੰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਮਾਣਹਾਨੀ ਮਾਮਲੇ ਵਿਚ ਜਵਾਬ ਦਾਖ਼ਲ ਨਾ ਕਰਨ ਲਈ ਅਦਾਲਤ ਨੇ ਕੇਜਰੀਵਾਲ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲਾਇਆ।
ਪਿਛਲੀ ਸੁਣਵਾਈ ਦੌਰਾਨ ਰਾਮ ਜੇਠਮਲਾਨੀ ਨੇ ਜੇਤਲੀ ਲਈ  'ਕਰੁੱਕ' ਸ਼ਬਦ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਜੇਤਲੀ ਨੇ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਇਕ ਹੋਰ ਕੇਸ ਦਾਇਰ ਕਰ ਦਿਤਾ ਸੀ। ਜੇਠਮਲਾਨੀ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਸਪੱਸ਼ਟ ਕਿਹਾ ਕਿ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਕੇਜਰੀਵਾਲ ਦੇ ਕਹਿਣ 'ਤੇ ਹੀ ਕੀਤੀ ਸੀ। ਕੁੱਝ ਦਿਨ ਪਹਿਲਾਂ ਕੇਜਰੀਵਾਲ ਨੇ ਅਦਾਲਤ ਵਿਚ ਹਲਫ਼ਨਾਮਾ ਦੇ ਕੇ ਕਿਹਾ ਸੀ ਕਿ ਉਸ ਨੇ ਜੇਠਮਲਾਨੀ ਨੂੰ ਇਹ ਸ਼ਬਦ ਵਰਤਣ ਲਈ ਨਹੀਂ ਕਿਹਾ ਸੀ।
(ਏਜੰਸੀ)