ਲੋਕਾਂ 'ਤੇ ਨਹੀਂ ਲੱਗੇਗਾ ਕੋਈ ਨਵਾਂ ਟੈਕਸ: ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਸਰਕਾਰਾਂ ਵਿਭਾਗ ਦੁਆਰਾ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ, ਬਲਕਿ ਲੋਕਾਂ ਨੂੰ ਸਹੂਲਤਾਂ ਦਿਤੀਆਂ ਜਾਣਗੀਆਂ ਅਤੇ ਪੁਰਾਣੇ ਟੈਕਸਾਂ ਦੀ ਉਗਰਾਹੀ..

Sidhu

 


ਚੰਡੀਗੜ੍ਹ, 26 ਜੁਲਾਈ (ਜੈ ਸਿੰਘ ਛਿੱਬਰ): ਸਥਾਨਕ ਸਰਕਾਰਾਂ ਵਿਭਾਗ ਦੁਆਰਾ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ, ਬਲਕਿ ਲੋਕਾਂ ਨੂੰ ਸਹੂਲਤਾਂ ਦਿਤੀਆਂ ਜਾਣਗੀਆਂ ਅਤੇ ਪੁਰਾਣੇ ਟੈਕਸਾਂ ਦੀ ਉਗਰਾਹੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਮਿਊਂਸਪਲ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।
ਇਸ ਤੋਂ ਪਹਿਲਾਂ ਸ. ਸਿੱਧੂ ਨੇ ਰਵਾਇਤੀ ਰਾਜਨੀਤੀ ਤੋਂ ਹੱਟ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਤੋਂ ਸੁਨਾਮ ਨਗਰ ਕੌਂਸਲ ਨੂੰ ਦਿਤੀ ਫ਼ਾਇਰ ਬਿਗ੍ਰੇਡ ਗੱਡੀ ਨੂੰ ਹਰੀ ਝੰਡੀ ਦੁਆਈ। ਵਿਭਾਗ ਵਲੋਂ ਵੱਖ-ਵੱਖ ਹਲਕਿਆਂ, ਸ਼ਹਿਰਾਂ ਲਈ 11

 

ਨਵੀਆਂ ਫ਼ਾਇਰ ਬਿਗ੍ਰੇਡ ਗੱਡੀਆਂ ਨੂੰ


ਰਵਾਨਾ ਕੀਤਾ ਹੈ।
ਸ. ਸਿੱਧੂ ਨੇ ਅੱਜ ਮੁੜ ਦੁਹਰਾਇਆਂ ਕਿ ਕੇਬਲ ਅਪਰੇਟਰਾਂ ਤੋਂ ਹਰ ਹਾਲਤ 'ਚ ਟੈਕਸ ਵਸੂਲਿਆਂ ਜਾਵੇਗਾ। ਉਨ੍ਹਾਂ ਸਖ਼ਤ ਭਾਸ਼ਾ ਦੀ ਵਰਤੋਂ ਕਰਦਿਆਂ ਕਿਹਾ ਕਿ ਜਿਨ੍ਹਾਂ ''ਚੋਰਾਂ” ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਦੀ ਪੱਗ ਲਾਹੀ ਹੈ, ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਫ਼ਾਇਰ ਬਿਗ੍ਰੇਡ ਵਲ ਧਿਆਨ ਨਹੀਂ ਦਿਤਾ। ਉਨ੍ਹਾਂ ਦਸਿਆ ਕਿ ਡਿਜਾਸਟਰ ਪ੍ਰੋਗਰਾਮ ਤਹਿਤ 90 ਕਰੋੜ ਰੁਪਏ ਪ੍ਰਾਪਤ ਹੋਏ ਸਨ ਤੇ ਵਿੱਤ ਵਿਭਾਗ ਨੇ 45 ਕਰੋੜ ਰੁਪਏ ਰੀਲੀਜ਼ ਵੀ ਕਰ ਦਿਤੇ ਸਨ, ਪਰ ਦੁੱਖ ਦੀ ਗੱਲ ਹੈ ਕਿ ਵਿਭਾਗ ਵਲੋਂ ਸਿਰਫ਼ 17 ਕਰੋੜ ਰੁਪਏ ਹੀ ਖ਼ਰਚ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ 550 ਫ਼ਾਇਰ ਬਿਗ੍ਰੇਡ ਗੱਡੀਆਂ ਦੀ ਜ਼ਰੂਰਤ ਹੈ ਜਦਕਿ ਨਗਰ ਕੌਂਸਲਾਂ ਕੋਲ 114 ਗੱਡੀਆਂ ਹਨ, ਜਿਨ੍ਹਾਂ ਵਿਚ 70 ਗੱਡੀਆਂ ਹੀ ਕੰਮ ਕਰ ਰਹੀਆਂ ਹਨ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ 'ਤੇ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਦੀ ਧਰਤੀ 'ਤੇ ਸਾਬਕਾ ਵਿੱਤ ਮੰਤਰੀ ਇਕ ਗੱਡੀ ਵੀ ਨਹੀਂ ਦੇ ਸਕਿਆ। ਜਦਕਿ ਉਨ੍ਹਾਂ ਬਜਟ ਸੈਸ਼ਨ 'ਚ ਅਮਨ ਅਰੋੜਾ (ਆਪ ਵਿਧਾਇਕ) ਨੂੰ ਲਿਸ਼ ਲਿਸ਼ ਕਰਦੀ ਪਹਿਲੀ ਗੱਡੀ ਦੇਣ ਦਾ ਵਾਅਦਾ ਕੀਤਾ ਸੀ ਤੇ ਪਹਿਲੀ ਗੱਡੀ ਦੀ ਝੰਡੀ ਵੀ ਉਨ੍ਹਾਂ (ਅਮਨ ਅਰੋੜਾ) ਕੋਲੋ ਦੁਆਈ ਹੈ।  
ਉਨ੍ਹਾਂ ਕਿਹਾ ਕਿ ਵਿਕਸ਼ਿਤ ਦੇਸ਼ਾਂ 'ਚ ਦੋ ਮਿੰਟ 'ਚ ਐਂਬੂਲੈਂਸ ਤੇ ਫ਼ਾਇਰ ਬ੍ਰਿਗੇਡ ਪਹੁੰਚ ਜਾਂਦੀ ਹੈ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਦਸ ਸਾਲਾਂ ਦੌਰਾਨ ਇਸ ਪਾਸੇ ਵਲ ਕੋਈ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਵਖਰਾ ਫ਼ਾਇਰ ਡਾਇਰੈਕਟੋਰੇਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਮਤਾ ਆਗਾਮੀ ਕੈਬਨਿਟ ਮੀਟਿੰਗ ਵਿਚ ਆਵੇਗਾ। ਇਸ ਦੇ ਨਾਲ ਹੀ ਫ਼ਾਇਰ ਪ੍ਰੋਵੈਸ਼ਨ ਐਕਟ ਵੀ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਵੱਡੀਆਂ ਇਮਰਾਤਾਂ ਵਿਚ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਵਿਚ ਗਿਰਾਵਟ ਆਵੇਗੀ।
ਉਨ੍ਹਾਂ ਕਿਹਾ ਕਿ ਫ਼ਾਇਰਮੈਨ ਨੂੰ ਫ਼ਾਇਰ ਜੈਕਟਾਂ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਜੋ ਹੰਗਾਮੀ ਹਾਲਤਾਂ ਵਿਚ ਉਹ ਅਪਣੀ ਡਿਊਟੀ ਸੁਖਾਲਿਆ ਕਰ ਸਕਣ। ਇਸੇ ਤਰ੍ਹਾਂ ਹਰ ਸਾਲ 17 ਤੋਂ 21 ਅਪ੍ਰੈਲ ਤਕ ਫ਼ਾਇਰ ਸਪਤਾਹ ਮਨਾਇਆ ਜਾਵੇਗਾ ਜਿਸ ਦੌਰਾਨ ਫ਼ਾਇਰ ਸੇਵਾਵਾਂ ਵਿਚ ਜੁੜੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ।
ਸ. ਸਿੱਧੂ ਨੇ ਦਸਿਆ ਕਿ ਅੱਜ ਸੁਨਾਮ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਧੂਰੀ, ਫ਼ਰੀਦਕੋਟ, ਨਾਭਾ, ਡੇਰਾ ਬਾਬਾ ਨਾਨਕ, ਰਾਏਕੋਟ ਤੇ ਨਕੋਦਰ ਸ਼ਹਿਰਾਂ ਨੂੰ ਫ਼ਾਇਰ ਵਾਹਨ ਦਿਤੇ ਹਨ ਅਤੇ ਆਉਂਦੇ ਹਫ਼ਤੇ 8 ਹੋਰ ਫ਼ਾਇਰ ਵਾਹਨ ਹੋਰ ਸ਼ਹਿਰਾਂ ਨੂੰ ਦਿਤੇ ਜਾਣਗੇ। ਇਨ੍ਹਾਂ ਨਵੇਂ ਅੱਠ ਵਾਹਨਾਂ ਵਿਚੋਂ 2-2 ਵਾਹਨ ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਅਤੇ ਇਕ-ਇਕ ਜਲੰਧਰ ਤੇ ਪਟਿਆਲਾ ਨੂੰ ਦਿਤਾ ਜਾਵੇਗਾ।
ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਵਿਧਾਇਕ ਅਮਨ ਅਰੋੜਾ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਰਾਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਬਰਿੰਦਰਜੀਤ ਸਿੰਘ ਪਾਹੜਾ, ਦਲਵੀਰ ਸਿੰਘ ਗੋਲਡੀ,  ਅਮਿਤ ਵਿੱਜ, ਕੁਲਜੀਤ ਸਿੰਘ ਨਾਗਰਾ, ਡਾ.ਅਮਰ ਸਿੰਘ, ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਤੇ ਡਾਇਰੈਕਟਰ ਕੇ. ਕੇ. ਯਾਦਵ ਵੀ ਹਾਜ਼ਰ ਸਨ।