ਗਿਲਾਨੀ ਦੇ ਜਵਾਈ ਅਤੇ ਹੋਰਨਾਂ ਨੂੰ ਐਨ.ਆਈ.ਏ. ਦੇ ਰੀਮਾਂਡ 'ਤੇ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਥੋਂ ਦੀ ਇਕ ਅਦਾਲਤ ਨੇ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਸਣੇ ਸੱਤ ਜਣਿਆਂ ਨੂੰ 10 ਦਿਨ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ..

NIA

 

ਨਵੀਂ ਦਿੱਲੀ, 25 ਜੁਲਾਈ : ਇਥੋਂ ਦੀ ਇਕ ਅਦਾਲਤ ਨੇ ਹੁਰੀਅਤ ਦੇ ਗਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਸਣੇ ਸੱਤ ਜਣਿਆਂ ਨੂੰ 10 ਦਿਨ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਹਿਰਾਸਤ ਵਿਚ ਭੇਜ ਦਿਤਾ ਹੈ।
ਐਨ.ਆਈ.ਏ. ਨੇ ਨਈਮ ਖ਼ਾਨ, ਅਯਾਜ਼ ਅਕਬਰ, ਅਲਤਾਫ਼ ਫੰਟੂਸ਼, ਮਹਿਰਾਜ ਕਲਵਲ, ਸ਼ਾਹਿਦ ਉਲ ਇਸਲਾਮ, ਪੀਰ ਸੈਫ਼ੁਲ੍ਹਾ ਅਤੇ ਫ਼ਾਰੂਕ ਅਹਿਮਦ ਦਾਰ ਉਰਫ਼ ਬਿੱਟਾ ਕਰਾਟੇ ਨੂੰ ਕਲ ਗ੍ਰਿਫ਼ਤਾਰ ਕੀਤਾ ਸੀ। ਬਿੱਟਾਂ ਕਰਾਟੇ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸ੍ਰੀਨਗਰ ਤੋਂ ਹਿਰਾਸਤ ਵਿਚ ਲਿਆ ਗਿਆ।
ਗਿਲਾਨੀ ਦੀ ਜਵਾਈ ਅਲਤਾਫ਼ ਅਹਿਮਦ ਸ਼ਾਹ ਜਿਸ ਨੂੰ ਅਲਤਾਫ਼ ਫ਼ੰਟੂਸ਼ ਵਜੋਂ ਜਾਣਿਆ ਜਾਂਦਾ ਹੈ, ਤੋਂ ਪਿਛਲੇ ਮਹੀਨੇ ਕੌਮੀ ਜਾਂਚ ਏਜੰਸੀ ਨੇ ਪੁੱਛ-ਪੜਤਾਲ ਕੀਤੀ ਸੀ ਅਤੇ ਕਸ਼ਮੀਰ ਵਿਚ ਕਈ ਥਾਵਾਂ 'ਤੇ ਛਾਪੇ ਵੀ ਮਾਰੇ ਸਨ। ਐਨ.ਆਈ.ਏ. ਵਲੋਂ ਪਥਰਾਅ ਕਰਨ ਵਾਲਿਆਂ, ਸਕੂਲਾਂ ਵਿਚ ਸਾੜ-ਫੂਕ ਕਰਨ ਵਾਲਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਮਿਲ ਰਹੀ ਆਰਥਕ ਸਹਾਇਤਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਉਧਰ ਕਸ਼ਮੀਰ ਵਿਚ ਵੱਖਵਾਦੀਆਂ ਦੇ ਬੰਦ ਦੇ ਸੱਦੇ ਦਾ ਰਲਵਾਂ-ਮਿਲਵਾਂ ਅਸਰ ਵਿਖਾਈ ਦਿਤਾ ਜਦਕਿ ਸ੍ਰੀਨਗਰ ਦੇ ਕਈ ਹਿੱਸਿਆਂ ਵਿਚ ਪਾਬੰਦੀਆ ਲਾਗੂ ਰਹੀਆਂ। ਅਧਿਕਾਰੀਆਂ ਨੇ ਦਸਿਆ ਕਿ ਸ੍ਰੀਨਗਰ ਦੇ ਪੰਜ ਪੁਲਿਸ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਧਾਰਾ 144 ਲਾਗੂ ਕੀਤੀ ਗਈ ਸੀ। ਵੱਖਵਾਦੀ ਆਗੂਆਂ ਨੇ ਇਕ ਸਾਂਝੇ ਬਿਆਨ ਰਾਹੀਂ ਐਨ.ਆਈ.ਏ. ਵਲੋਂ ਕੀਤੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ ਕੀਤੀ। ਬੰਦ ਦੇ ਸੱਦੇ ਕਾਰਨ ਸ੍ਰੀਨਗਰ ਦੇ ਕੁੱਝ ਖੇਤਰਾਂ ਵਿਚ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਬਾਕੀ ਥਾਵਾਂ 'ਤੇ ਸੱਭ ਆਮ ਰਿਹਾ।       (ਏਜੰਸੀ)